ਕੇਰਲਾ 'ਚ ਉਤਰਨ ਲੱਗਾ ਪਾਣੀ, ਬੀਮਾਰੀਆਂ ਦਾ ਖ਼ਦਸ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲਾ ਵਿਚ ਤਬਾਹੀ ਮਚਾਉਣ ਮਗਰੋਂ ਹੜ੍ਹਾਂ ਦਾ ਪਾਣੀ ਉਤਰਨ ਲੱਗ ਪਿਆ ਹੈ............

Scenes of devastation by flood water in Kerala

ਤਿਰੂਵਨੰਤਪੁਰਮ : ਕੇਰਲਾ ਵਿਚ ਤਬਾਹੀ ਮਚਾਉਣ ਮਗਰੋਂ ਹੜ੍ਹਾਂ ਦਾ ਪਾਣੀ ਉਤਰਨ ਲੱਗ ਪਿਆ ਹੈ। ਸਰਕਾਰ ਅੱਗੇ ਹੁਣ ਬੀਮਾਰੀਆਂ ਦੇ ਸੰਭਾਵੀ ਫੈਲਾਅ ਦੀ ਚੁਨੌਤੀ ਹੈ। ਹੁਣ 5500 ਤੋਂ ਵੀ ਜ਼ਿਆਦਾ ਰਾਹਤ ਕੈਂਪਾਂ ਵਿਚ ਰਹਿ ਰਹੇ ਲਗਭਗ ਅੱਠ ਲੱਖ ਲੋਕਾਂ ਦੇ ਨਾਲ-ਨਾਲ ਸਾਰੇ ਰਾਜ ਨੂੰ ਇਨਫ਼ੈਕਸ਼ਨ ਅਤੇ ਬੀਮਾਰੀਆਂ ਤੋਂ ਬਚਾਉਣਾ ਪਵੇਗਾ। ਇਸੇ ਦੌਰਾਨ ਕੇਰਲਾ ਵਾਸਤੇ ਦੇਸ਼-ਵਿਦੇਸ਼ ਤੋਂ ਵਿੱਤੀ ਮਦਦ ਪਹੁੰਚ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਹੁਣ ਹਟ ਗਿਆ ਹੈ ਅਤੇ ਪਾਣੀ ਉਤਰਨ ਲੱਗ ਪਿਆ ਹੈ। ਲੋਕਾਂ ਨੂੰ ਥੋੜੀ ਰਾਹਤ ਮਹਿਸੂਸ ਹੋ ਰਹੀ ਹੈ ਪਰ ਲੱਖਾਂ ਲੋਕ ਬੇਘਰ ਹੋ ਗਏ ਹਨ। 

ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ, 'ਸ਼ਾਇਦ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਤ੍ਰਾਸਦੀ ਹੈ ਜਿਸ ਨਾਲ ਭਾਰੀ ਤਬਾਹੀ ਮਚੀ, ਇਸ ਲਈ ਅਸੀਂ ਹਰ ਪ੍ਰਕਾਰ ਦੀ ਮਦਦ ਪ੍ਰਵਾਨ ਕਰਾਂਗੇ।' ਦੇਸ਼-ਵਿਦੇਸ਼ ਤੋਂ ਸਿਆਸੀ ਆਗੂ, ਉਦਯੋਗਪਤੀ ਅਤੇ ਆਮ ਲੋਕਾਂ ਵਲੋਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਵਿੱਤੀ ਮਦਦ, ਖਾਣ ਪੀਣ ਦੀਆਂ ਚੀਜ਼ਾਂ ਆਦਿ ਭੇਜੀਆਂ ਜਾ ਰਹੀਆਂ ਹਨ। ਸੀਨੀਅਰ ਨੇਵੀ ਅਧਿਕਾਰੀ ਵਾਈਸ ਐਡਮਿਰਲ ਗਿਰੀਸ਼ ਲੁਥਰਾ ਨੇ ਕਿਹਾ ਕਿ ਹੜ੍ਹਾਂ ਦੇ ਹਾਲਾਤ ਸੁਧਰ ਰਹੇ ਹਨ ਅਤੇ ਰਾਹਤ ਕਾਰਜ ਲਗਭਗ ਮੁਕੰਮਲ ਹੋ ਗਏ ਹਨ। ਹੁਣ ਮੁੜਵਸੇਬਾ ਦੇ ਯਤਨ ਹੋ ਰਹੇ ਹਨ।

ਉਨ੍ਹਾਂ ਦਸਿਆ ਕਿ ਹੜ੍ਹਾਂ ਨਾਲ ਕੇਰਲਾ ਵਿਚ ਹੁਣ ਤਕ 210 ਜਾਨਾਂ ਜਾ ਚੁਕੀਆਂ ਹਨ ਅਤੇ 7.14 ਲੱਖ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਦਸਿਆ, 'ਜਿਥੇ ਤਕ ਨੇਵੀ ਦਾ ਸਬੰਧ ਹੈ, ਅਸੀਂ ਪਿਛਲੇ ਚਾਰ ਪੰਜ ਦਿਨਾਂ ਵਿਚ ਅਪਣੀਆਂ ਕੋਸ਼ਿਸ਼ਾਂ ਕਾਫ਼ੀ ਤੇਜ਼ ਕੀਤੀਆਂ ਹਨ। ਹੁਣ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਦਾ ਪੁਨਰਵਾਸ ਕਰਨ ਦੀ ਹੈ। ਰਾਹਤ ਕਾਰਜਾਂ ਦਾ ਪਹਿਲਾ ਪੜਾਅ ਲਗਭਗ ਮੁਕੰਮਲ ਹੋ ਚੁਕਾ ਹੈ ਭਾਵੇਂ ਕੁੱਝ ਲੋਕ ਵੱਖ ਵੱਖ ਥਾਈਂ ਫਸੇ ਹੋਏ ਹੋ ਸਕਦੇ ਹਨ ਪਰ ਅਸੀਂ ਉਨ੍ਹਾਂ ਕੋਲ ਪਹੁੰਚ ਰਹੇ ਹਨ ਅਤੇ ਯਕੀਨ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇ।'     (ਪੀਟੀਆਈ)