ਸਿੱਖ ਮੇਅਰ ਦੀ ਅਨੋਖੀ ਪਹਿਲ ; ਸਿਰਫ਼ 1 ਰੁਪਏ 'ਚ ਹੋਵੇਗਾ ਗ਼ਰੀਬਾਂ ਦਾ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਜੂਨ ਤੋਂ ਸ਼ੁਰੂ ਹੋਵੇਗੀ 'ਅੰਤਮ ਯਾਤਰਾ ਅੰਤਮ ਸਫ਼ਰ' ਯੋਜਨਾ

Last rites for just Re 1 in Telangana's Karimnagar town

ਤੇਲੰਗਾਨਾ : ਗ਼ਰੀਬਾਂ ਲਈ ਸਨਮਾਨਪੂਰਨ ਅੰਤਮ ਸਸਕਾਰ ਦੀ ਸਹੂਲਤ ਯਕੀਨੀ ਬਣਾਉਣ ਲਈ ਤੇਲੰਗਾਨਾ ਦੇ ਕਰੀਮਨਗਰ ਸ਼ਹਿਰ ਦਾ ਨਗਰ ਨਿਗਮ ਅਗਲੇ ਮਹੀਨੇ ਇਕ ਯੋਜਨਾ ਸ਼ੁਰੂ ਕਰੇਗਾ, ਜਿਸ ਤਹਿਤ ਕੋਈ ਵੀ ਗ਼ਰੀਬ ਸਿਰਫ਼ 1 ਰੁਪਏ 'ਚ ਅੰਤਮ ਸਸਕਾਰ ਦੀ ਸੁਵਿਧਾ ਹਾਸਲ ਕਰ ਸਕੇਗਾ। ਕਰੀਮਨਗਰ ਦੇ ਮੇਅਰ ਰਵਿੰਦਰ ਸਿੰਘ ਮੁਤਾਬਕ 'ਅੰਤਮ ਯਾਤਰਾ ਅੰਤਮ ਸਫ਼ਰ' ਯੋਜਨਾ 15 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਯੋਜਨਾ ਲਈ ਪਹਿਲਾਂ ਹੀ 1.10 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਯੋਜਨਾ 'ਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਮ੍ਰਿਤਕ ਦਾ ਅੰਤਮ ਸਸਕਾਰ ਧਾਰਮਕ ਰਵਾਇਤਾਂ ਮੁਤਾਬਕ ਹੋਵੇ।

ਰਵਿੰਦਰ ਸਿੰਘ ਨੇ ਦੱਸਿਆ ਕਿ ਮੱਧਮ ਅਤੇ ਹੇਠਲੇ ਵਰਗ ਦੇ ਲੋਕ ਅੰਤਮ ਸਸਕਾਰ ਲਈ ਸਿਰਫ਼ 1 ਰੁਪਏ ਦਾ ਭੁਗਤਾਨ ਕਰ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਯੋਜਨਾ ਕਿਸੇ ਵੀ ਜਾਤ ਜਾਂ ਧਰਮ ਦੇ ਲੋਕਾਂ ਲਈ ਹੋਵੇਗੀ। ਯੋਜਨਾ ਦੇ ਤਹਿਤ ਨਗਰ ਨਿਗਮ ਮ੍ਰਿਤਕ ਦੇ ਅੰਤਮ ਸਸਕਾਰ ਲਈ ਉਸ ਦੇ ਪਰਵਾਰ ਨੂੰ ਲੱਕੜ, ਚੰਦਨ ਦੀ ਲੱਕੜ ਅਤੇ ਕੈਰੋਸੀਨ ਉਪਲੱਬਧ ਕਰਵਾਏਗਾ। ਲੱਕੜਾਂ ਦੀ ਖ਼ਰੀਦ ਲਈ 50 ਲੱਖ ਦਾ ਰਿਜ਼ਰਵ ਫ਼ੰਡ ਮੁਹਈਆ ਕਰਵਾਇਆ ਜਾ ਰਿਹਾ ਹੈ। ਰਵਾਇਤੀ ਰਸਮ ਦੇ ਦਿਨ ਲਗਭਗ 50 ਲੋਕਾਂ ਨੂੰ 5 ਰੁਪਏ ਦੇ ਹਿਸਾਬ ਨਾਲ ਖਾਣਾ ਵੀ ਉਪਲੱਬਧ ਕਰਵਾਇਆ ਜਾਵੇਗਾ। ਜੋ ਲੋਕ ਲਾਸ਼ਾਂ ਨੂੰ ਦਫ਼ਨਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਜ਼ਰੂਰੀ ਵਿਵਸਥਾ ਕੀਤੀ ਜਾਵੇਗੀ।

 


 

ਕਰੀਮਨਗਰ ਨਗਰ ਨਿਗਮ ਦੇ ਇਸ ਕਦਮ ਦੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, "ਸਿਰਫ਼ 1 ਰੁਪਏ ਦਾ ਭੁਗਤਾਨ ਕਰ ਕੇ ਅੰਤਮ ਸਸਕਾਰ ਕਰਨ ਦੀ ਯੋਜਨਾ ਨੂੰ 15 ਜੂਨ ਤੋਂ ਸ਼ੁਰੂ ਕਰਨ ਲਈ ਤੇਲੰਗਾਨਾ ਦੇ ਕਰੀਮਨਗਰ ਨਗਰ ਨਿਗਮ ਨੂੰ ਵਧਾਈ। ਖ਼ੁਸ਼ੀ ਹੈ ਕਿ ਪੀੜਤ ਪਰਵਾਰ ਦੇ 50 ਮੈਂਬਰਾਂ ਨੂੰ ਭੋਜਨ ਵੀ ਉਪਲੱਬਧ ਕਰਵਾਇਆ ਜਾਵੇਗਾ। ਇਹੀ ਅਸਲ ਮਨੁੱਖਤਾ ਹੈ।"

ਕੌਣ ਹਨ ਰਵਿੰਦਰ ਸਿੰਘ :
ਰਵਿੰਦਰ ਸਿੰਘ ਦਾ ਜਨਮ ਅਤੇ ਪਾਲਨ-ਪੋਸ਼ਣ ਆਂਧਰਾ ਪ੍ਰਦੇਸ਼ 'ਚ ਹੋਇਆ। ਆਪਣੀ ਕਾਬਲੀਅਤ ਨਾਲ ਰਵਿੰਦਰ ਸਿੰਘ ਤੇਲੰਗਾਨਾ 'ਚ ਕਰੀਮਨਗਰ ਦੇ ਮੇਅਰ ਅਹੁਦੇ ਤਕ ਪਹੁੰਚੇ। ਇਕ ਸੱਚੇ ਸਿੱਖ ਵਜੋਂ ਜ਼ਿੰਦਗੀ ਬਤੀਤ ਕਰਨ ਵਾਲੇ ਰਵਿੰਦਰ ਸਿੰਘ ਨੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੂੰ ਚੁਣਿਆ। ਸਫ਼ੈਦ ਸੁਪਾਰੀ ਸੂਟ, ਗਲੇ 'ਚ ਪਾਏ ਟੀਆਰਐਸ ਦੇ ਗੁਲਾਬੀ ਸਾਫ਼ੇ ਅਤੇ ਲਾਲ ਪੱਗ ਵਾਲੇ ਰਵਿੰਦਰ ਸਿੰਘ ਦਾ ਚਿਹਰਾ ਤੇਲੰਗਾਨਾ 'ਚ ਕਾਫ਼ੀ ਮਸ਼ਹੂਰ ਹੈ। ਟੀਆਰਐਸ ਦੀਆਂ ਰੈਲੀਆਂ 'ਚ ਆਮ ਤੌਰ 'ਤੇ ਉਹ ਇਸੇ ਪਹਿਰਾਵੇ 'ਚ ਵਿਖਾਈ ਦਿੰਦੇ ਹਨ। ਰਵਿੰਦਰ ਸਿੰਘ ਦੇ ਮੂੰਹ ਤੋਂ ਸ਼ੁੱਧ ਤੇਲਗੂ ਭਾਸ਼ਾ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਉਹ ਪਿਛਲੇ 10 ਸਾਲ ਤੋਂ ਲੋਕਾਂ ਦੇ ਅੰਤਮ ਸਸਕਾਰ ਲਈ ਆਪਣੀ ਜੇਬ 'ਚੋਂ ਪੈਸਾ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾਉਂਦੇ ਹਨ।