ਬਿਹਾਰ : ਨਾਰੀ ਨਿਕੇਤਨ 'ਚ ਬਲਾਤਕਾਰ ਅਤੇ ਕਤਲਾਂ ਦੇ ਦੋਸ਼ਾਂ ਹੇਠ 10 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁਜੱਫ਼ਰਪੁਰ 'ਚ ਇਕ ਨਾਰੀ ਨਿਕੇਤਨ ਦੀ ਇਕ ਕੁੜੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਇਕ ਸਾਥੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿਤਾ ਗਿਆ..............

Officers Team Searching Dead Bodies In Nari Niketan

ਮੁਜੱਫ਼ਰਪੁਰ : ਬਿਹਾਰ ਦੇ ਮੁਜੱਫ਼ਰਪੁਰ 'ਚ ਇਕ ਨਾਰੀ ਨਿਕੇਤਨ ਦੀ ਇਕ ਕੁੜੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਇਕ ਸਾਥੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿਤਾ ਗਿਆ ਅਤੇ ਉਸ ਨੂੰ ਨਾਰੀ ਨਿਕੇਤਨ ਅੰਦਰ ਹੀ ਦਫ਼ਨ ਕਰ ਦਿਤਾ ਗਿਆ। ਇਸ ਤੋਂ ਇਲਾਵਾ ਕਈਆਂ ਨਾਲ ਬਲਾਤਕਾਰ ਵੀ ਕੀਤਾ ਗਿਆ। ਨਾਰੀ ਨਿਕੇਤਨ ਦੀ ਇਕ ਕੁੜੀ ਦੇ ਇਨ੍ਹਾਂ ਦੋਸ਼ਾਂ ਮਗਰੋਂ ਬਿਹਾਰ ਪੁਲਿਸ ਨੇ ਖੁਦਾਈ ਕੀਤੀ ਪਰ ਉਸ ਨੂੰ ਅਜੇ ਤਕ ਲਾਸ਼ ਨਹੀਂ ਮਿਲੀ ਹੈ। ਮੁੰਬਈ ਦੇ ਇਕ ਸੰਸਥਾਨ ਦੇ ਸਮਾਜਕ ਆਡਿਟ 'ਚ ਬਿਹਾਰ ਦੇ ਇਸ ਨਾਰੀ ਨਿਕੇਤਨ 'ਚ ਕੁੜੀਆਂ ਦਾ ਜਿਨਸੀ ਸ਼ੋਸ਼ਣ ਸਾਹਮਣੇ ਆਇਆ ਸੀ

ਜਿਸ ਮਗਰੋਂ ਸੂਬੇ ਦੇ ਸਮਾਜ ਭਲਾਈ ਵਿਭਾਗ ਨੇ ਪਿਛਲੇ ਮਹੀਨੇ ਮਾਮਲਾ ਦਰਜ ਕੀਤਾ ਸੀ ਅਤੇ ਦਸ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।  ਸੂਬੇ 'ਚ ਵਿਰੋਧੀ ਪਾਰਟੀਆਂ ਨੇ ਵਿਧਾਨ ਸਭਾ ਅਤੇ ਵਿਧਾਨ ਕੌਂਸਲ 'ਚ ਇਹ ਮੁੱਦਾ ਚੁਕਿਆ ਅਤੇ ਦੋਸ਼ਾਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਉਸ ਨੇ ਦਾਅਵਾ ਕੀਤਾ ਕਿ ਇਸ ਸਕੈਂਡਲ 'ਚ ਕਈ ਵੱਡੇ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਨਿਤੀਸ਼ ਕੁਮਾਰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਜੱਫ਼ਰਪੁਰ ਦੀ ਸੀਨੀਅਰ ਪੁਲਿਸ ਸੂਪਰਡੈਂਟ ਹਰਪ੍ਰੀਤ ਕੌਰ ਨੇ ਕਿਹਾ, ''ਅਸੀਂ ਇਕ ਕੁੜੀ ਦੇ ਬਿਆਨ ਦੇ ਆਧਾਰ  'ਤੇ ਖੁਦਾਈ ਕਰ ਰਹੇ ਹਾਂ। ਥਾਂ ਦੀ ਪਛਾਣ ਉਸ ਕੁੜੀ ਨੇ ਕੀਤੀ ਸੀ।

'' ਉਨ੍ਹਾਂ ਕਿਹਾ, ''ਖੁਦਾਈ ਦੌਰਾਨ ਅਜੇ ਤਕ ਕੋਈ ਅਹਿਮ ਸਬੂਤ ਨਹੀਂ ਮਿਲੇ ਹਨ। ਪਰ ਦੋਸ਼ ਲਾਉਣ ਵਾਲੀ ਕੁੜੀ ਤੋਂ ਪੁੱਛ-ਪੜਤਾਲ ਮਗਰੋਂ ਖੁਦਾਈ ਦਾ ਘੇਰਾ ਵਧਾਇਆ ਜਾ ਸਕਦਾ ਹੈ।'' ਉਨ੍ਹਾਂ ਕਿਹਾ ਕਿ ਨਾਰੀ ਨਿਕੇਤਨ 'ਚ 40 ਕੁੜੀਆਂ ਹਨ ਅਤੇ ਮੈਡੀਕਲ ਰੀਪੋਰਟ ਅਨੁਸਾਰ ਇਨ੍ਹਾਂ 'ਚੋਂ ਅੱਧੀਆਂ ਤੋਂ ਜ਼ਿਆਦਾ ਨੇ ਕਦੇ ਨਾ ਕਦੇ ਸਰੀਰਕ ਸਬੰਧ ਬਣਾਏ ਹੋਣਗੇ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ 'ਚ ਬਾਲ ਸੁਰੱਖਿਆ ਅਧਿਕਾਰੀ ਅਤੇ ਨਾਰੀ ਨਿਕੇਤਨ ਦੀਆਂ ਮਹਿਲਾ ਮੁਲਾਜ਼ਮਾਂ ਸਮੇਤ ਕੁਲ ਦਸ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨਾਰੀ ਨਿਕੇਤਨ ਨੂੰ ਚਲਾਉਣ ਵਾਲੇ ਐਨੇ.ਜੀ.ਓ. ਨੂੰ ਕਾਲੀ ਸੂਚੀ 'ਚ ਪਾ ਦਿਤਾ ਗਿਆ ਹੈ। ਨਾਰੀ ਨਿਕੇਤਨ ਬੰਦ ਕਰ ਦਿਤਾ ਹੈ ਅਤੇ ਕੁੜੀਆਂ ਨੂੰ ਹੋਰ ਜ਼ਿਲ੍ਹਿਆਂ ਦੇ ਨਾਰੀ ਨਿਕੇਤਨਾਂ 'ਚ ਭੇਜ ਦਿਤਾ ਗਿਆ ਹੈ।  (ਪੀਟੀਆਈ)