ਜੇਲ੍ਹ ’ਚ ਹੀ ਰਹੇਗਾ ਨੀਰਵ ਮੋਦੀ, ਲੰਦਨ ਦੀ ਅਦਾਲਤ ਨੇ ਖ਼ਾਰਜ ਕੀਤੀ ਜ਼ਮਾਨਤ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਮਲੇ ’ਚ ਅਗਲੀ ਸੁਣਵਾਈ 24 ਮਈ ਨੂੰ

Nirav Modi's bail plea dismissed

ਨਵੀਂ ਦਿੱਲੀ: ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਵੇਸਟਮਿੰਸਟਰ ਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ ਹੈ। ਕੋਰਟ ਨੇ ਇਕ ਵਾਰ ਫਿਰ ਉਸ ਦੀ ਜ਼ਮਾਨਤ ਮੰਗ ਖ਼ਾਰਜ ਕਰ ਦਿਤੀ ਹੈ। ਕੋਰਟ ਵਿਚ ਨੀਰਵ ਦਾ ਵਕੀਲ ਪੇਸ਼ ਹੋਇਆ ਜਦਕਿ ਉਹ ਖ਼ੁਦ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੋਰਟ ਵਿਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਕੋਰਟ ਨੇ ਪਿਛਲੇ ਮਹੀਨੇ ਵੀ ਉਸ ਦੀ ਜ਼ਮਾਨਤ ਮੰਗ ਖ਼ਾਰਜ ਕਰ ਦਿਤੀ ਸੀ ਤੇ 26 ਅਪ੍ਰੈਲ ਤੱਕ ਜੇਲ੍ਹ ਭੇਜਦੇ ਹੋਏ ਅਗਲੀ ਸੁਣਵਾਈ ਦੀ ਤਾਰੀਕ ਇਸ ਦਿਨ ਲਈ ਟਾਲ ਦਿਤੀ ਸੀ।

ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਮਈ ਨੂੰ ਹੋਵੇਗੀ। ਦੱਸ ਦਈਏ ਕਿ ਨੀਰਵ ਮੋਦੀ ਨੂੰ ਪਿਛਲੇ ਮਹੀਨੇ 29 ਮਾਰਚ ਨੂੰ ਵੇਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਨੀਰਵ ਮੋਦੀ ਵਲੋਂ ਵਕੀਲ ਆਨੰਦ ਦੂਬੇ ਨੇ ਕੋਰਟ ਵਿਚ ਪੱਖ ਰੱਖਿਆ ਪਰ ਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ ਸੀ। ਤੱਦ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਨੀਰਵ ਮੋਦੀ ਨੂੰ ਬਾਸ਼ਰਤ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਸਬੂਤਾਂ ਨੂੰ ਨਸ਼ਟ ਕੀਤਾ ਗਿਆ ਹੈ, ਇਹ ਧੋਖਾਧੜੀ ਦਾ ਬਹੁਤ ਹੀ ਗ਼ੈਰ-ਮਾਮੂਲੀ ਮਾਮਲਾ ਹੈ।

ਨੀਰਵ ਮੋਦੀ ਜਨਵਰੀ 2018 ਤੋਂ ਬ੍ਰਿਟੇਨ ਵਿਚ ਹੈ। ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਮੁਲਜ਼ਮ ਨੀਰਵ ਮੋਦੀ ਨੂੰ 19 ਮਾਰਚ ਨੂੰ ਲੰਦਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀਐਨਬੀ ਧੋਖਾਧੜੀ ਮਾਮਲੇ ਵਿਚ ਈਡੀ ਨੇ 26 ਫਰਵਰੀ ਨੂੰ ਜ਼ਾਇਦਾਦ ਜ਼ਬਤ ਕੀਤੀ ਸੀ। ਮੁਲਜ਼ਮ ਕਾਰੋਬਾਰੀ ਨੀਰਵ ਨੇ ਧੋਖੇ ਨਾਲ ਪੀਐਨਬੀ ਤੋਂ ਲੇਟਰਸ ਆਫ਼ ਅੰਡਰਟੇਕਿੰਗ (ਐਲਓਯੂ) ਅਤੇ ਫਾਰੇਨ ਲੇਟਰਸ ਆਫ਼ ਕਰੈਡਿਟ (ਐਫ਼ਐਲਸੀ) ਦੇ ਜ਼ਰੀਏ ਹਜ਼ਾਰਾਂ ਕਰੋੜ ਰੁਪਏ ਹਾਸਲ ਕੀਤੇ ਸਨ। ਜ਼ਮਾਨਤ ਮੰਗ ਰੱਦ ਹੋਣ ’ਤੇ ਉਸ ਨੂੰ 29 ਮਾਰਚ ਤੱਕ ਪੁਲਿਸ ਦੀ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ।