ਪ੍ਰਚੂਨ ਬਜ਼ਾਰ 'ਚ ਵਧੀ ਸਬਜ਼ੀਆਂ ਦੀ ਮਹਿੰਗਾਈ, ਤਿੰਨ ਗੁਣਾ ਕੀਮਤ 'ਤੇ ਵਿਕ ਰਹੀਆਂ ਸਬਜ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਬਜ਼ੀਆਂ ਦੇ ਭਾਅ ਇਸ ਸਮੇਂ ਆਸਮਾਨ 'ਤੇ ਚੜ੍ਹੇ ਹੋਏ ਹਨ। ਹਰੀਆਂ ਸਬਜ਼ੀਆਂ ਖਰੀਦਣ ਲਈ ਲੋਕਾਂ ਨੂੰ ਅਪਣੀ ਕਾਫ਼ੀ ਜੇਬ ਢਿੱਲੀ ਕਰਨੀ ਪੈ ਰਹੀ...

vegetables

ਇਲਾਹਾਬਾਦ : ਸਬਜ਼ੀਆਂ ਦੇ ਭਾਅ ਇਸ ਸਮੇਂ ਆਸਮਾਨ 'ਤੇ ਚੜ੍ਹੇ ਹੋਏ ਹਨ। ਹਰੀਆਂ ਸਬਜ਼ੀਆਂ ਖਰੀਦਣ ਲਈ ਲੋਕਾਂ ਨੂੰ ਅਪਣੀ ਕਾਫ਼ੀ ਜੇਬ ਢਿੱਲੀ ਕਰਨੀ ਪੈ ਰਹੀ ਹੈ। ਕਈ ਸਬਜ਼ੀਆਂ ਪਿਛਲੇ ਪੰਦਰਾਂ ਦਿਨਾਂ ਵਿਚ 20 ਰੁਪਏ ਪ੍ਰਤੀ ਕਿਲੋ ਤਕ ਮਹਿੰਗੀਆਂ ਹੋ ਗਈਆਂ ਹਨ ਜਦਕਿ ਥੋਕ ਵਿਚ ਸਬਜ਼ੀਆਂ ਦੇ ਭਾਅ ਇੰਨੇ ਨਹੀਂ ਵਧੇ ਹਨ। ਅਸਲ ਵਿਚ ਇਹ ਪੂਰਾ ਖੇਡ ਪ੍ਰਚੂਨ ਵਾਲੇ ਖੇਡ ਰਹੇ ਹਨ ਜੋ ਜ਼ਿਆਦਾ ਮੁਨਾਫ਼ੇ ਦੇ ਲਾਲਚ ਵਿਚ ਦੁੱਗਣੇ ਤੋਂ ਤਿਗੁਣੇ ਭਾਅ ਵਿਚ ਸਬਜ਼ੀਆਂ ਵੇਚ ਰਹੇ ਹਨ।

ਸ਼ਹਿਰ ਦੀਆਂ ਪ੍ਰਚੂਨ ਦੁਕਾਨਾਂ 'ਤੇ ਇਕ ਪੱਖਵਾੜਾ ਪਹਿਲਾਂ ਸਬਜ਼ੀਆਂ ਦਾ ਭਾਅ ਚੜ੍ਹਨਾ ਸ਼ੁਰੂ ਹੋਇਆ। ਟਮਾਟਰ ਦਾ ਭਾਅ ਸਭ ਤੋਂ ਪਹਿਲਾਂ ਵਧਿਆ। ਇਸ ਤੋਂ ਬਾਅਦ ਹੋਰ ਸਬਜ਼ੀਆਂ ਵੀ ਮਹਿੰਗੀਆਂ ਹੋਣ ਲੱਗੀਆਂ। ਇਕ ਪੱਖਵਾੜੇ ਵਿਚ ਸਬਜ਼ੀਆਂ ਦੇ ਭਾਅ 20-30 ਰੁਪਏ ਪ੍ਰਤੀ ਕਿਲੋ ਤਕ ਵਧੇ ਹਨ। ਆਲਮ ਇਹ ਹੈ ਕਿ ਜੋ ਟਮਾਟਰ ਮੁੰਡੇਰਾ ਮੰਡੀ ਵਿਚ 25 ਰੁਪਏ ਕਿਲੋ ਵਿਕ ਰਹੇ ਹਨ, ਉਹੀ ਸ਼ਹਿਰ ਦੇ ਬਜ਼ਾਰਾਂ ਵਿਚ 40 ਤੋਂ 60 ਰੁਪਏ ਪ੍ਰਤੀ ਕਿਲੋ ਤਕ ਵਿਕ ਰਿਹਾ ਹੈ। 

ਇਸੇ ਤਰ੍ਹਾਂ ਮੁੰਡੇਰਾ ਮੰਡੀ ਵਿਚ 12 ਰੁਪਏ ਕਿਲੋ ਦਾ ਆਲੂ ਪ੍ਰਚੂਨ ਵਿਚ 25 ਰੁਪਏ ਅਤੇ ਮੰਡੀ ਵਿਚ 25 ਰੁਪਏ ਕਿਲੋ ਵਾਲਾ ਪਰਵਲ ਪ੍ਰਚੂਨ ਵਿਚ 60 ਤੋਂ 70 ਰੁਪਏ ਕਿਲੋ ਵਿਚ ਵਿਕ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਥੋਕ ਵਿਚ ਭਾਅ ਇੰਨੇ ਜ਼ਿਆਦਾ ਨਹੀਂ ਵਧੇ ਹਨ ਪਰ ਪ੍ਰਚੂਨ ਵਾਲੇ ਇਨ੍ਹਾਂ ਸਬਜ਼ੀਆਂ ਨੂੰ ਦੁੱਗਣੇ ਤੋਂ ਵੀ ਜ਼ਿਆਦਾ ਮੁਨਾਫ਼ੇ 'ਤੇ ਵੇਚ ਰਹੇ ਹਨ। 

ਮੁੰਡੇਰਾ ਮੰਡੀ ਦੇ ਆੜ੍ਹਤੀ ਸਤੀਸ਼ ਕੁਸ਼ਵਾਹਾ ਕਹਿੰਦੇ ਹਨ ਕਿ ਬਾਹਰ ਤੋਂ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਵਧੇ ਜ਼ਰੂਰ ਹਨ ਪਰ ਪ੍ਰਚੂਨ ਵਿਚ ਉਸ ਤੋਂ ਕਿਤੇ ਜ਼ਿਆਦਾ ਵਸੂਲਿਆ ਜਾ ਰਿਹਾ ਹੈ। ਏਜੀ ਦਫ਼ਤਰ ਨੇੜੇ ਸਬਜ਼ੀਆਂ ਸਭ ਤੋਂ ਮਹਿੰਗੀਆਂ ਵੇਚੀਆਂ ਜਾ ਰਹੀਆਂ ਹਨ। ਤੇਲਿਆਗੰਜ ਅਤੇ ਹੋਰ ਸਮਾਨ ਮਾਰਕਿਟ ਵਿਚ ਸਬਜ਼ੀਆਂ ਦੇ ਭਾਅ ਵਿਚ ਕਾਫ਼ੀ ਫ਼ਰਕ ਨਹੀਂ ਹੈ। ਕਟਰਾ, ਖੁਲਦਾਬਾਦ ਮੰਡੀ, ਬਖ਼ਸ਼ੀਬੰਨ੍ਹ ਵਿਚ ਸਬਜ਼ੀਆਂ ਏਜੀ ਦਫ਼ਤਰ ਦੀ ਤੁਲਨਾ ਵਿਚ ਸਸਤੀਆਂ ਹਨ। 

ਜ਼ਿਆਦਾਤਰ ਸਬਜ਼ੀਆਂ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁਕੀਆਂ ਹਨ। ਸਬਜ਼ੀਆਂ ਦੀ ਮਹਿੰਗਾਈ ਹੋਣ ਕਾਰਨ ਲੋਕ ਸਬਜ਼ੀਆਂ ਲੈਣ ਤੋਂ ਕੰਨੀ ਕਤਰਾ ਰਹੇ ਹਨ। ਕੁੱਝ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਸਬਜ਼ੀ ਦੀਆਂ ਕੀਮਤਾਂ ਵਿਚ ਵਾਧਾ ਇਸ ਲਈ ਹੋ ਰਿਹਾ ਹੈ ਕਿਉਂਕਿ ਕੁੱਝ ਖੇਤਰਾਂ ਵਿਚ ਭਾਰੀ ਮੀਂਹ ਦੀ ਵਜ੍ਹਾ ਨਾਲ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ, ਜਦਕਿ ਜੇਕਰ ਅਜਿਹਾ ਹੁੰਦਾ ਤਾਂ ਥੋਕ ਸਬਜ਼ੀਆਂ ਦੀ ਮਹਿੰਗਾਈ ਵਿਚ ਵੀ ਵਾਧਾ ਹੋਣਾ। ਇਸ ਸਿਰਫ਼ ਪ੍ਰਚੂਨ ਵਾਲਿਆਂ ਦੀ ਜ਼ਿਆਦਾ ਮੁਨਾਫ਼ਾ ਕਮਾਉਣ ਦੀ ਖੇਡ ਹੈ, ਹੋਰ ਕੁੱਝ ਨਹੀਂ। ਸਰਕਾਰ ਨੂੰ ਇਸ 'ਤੇ ਰੋਕ ਲਗਾਉਣ ਲਈ ਕਦਮ ਉਠਾਉਣੇ ਚਾਹੀਦੇ ਹਨ।