ਕਲਯੁਗੀ ਮਾਂ ਨੇ 6 ਸਾਲਾ ਧੀ ਨੂੰ ਜ਼ਿੰਦਾ ਸਾੜਿਆ, ਸੈਨੇਟਾਈਜ਼ਰ ਛਿੜਕ ਕੇ ਲਗਾਈ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਰਾਰ ਮਾਂ ਦੀ ਭਾਲ ਜਾਰੀ

Mother burnt 6 year old daughter to death

 

ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ 6 ਸਾਲਾ ਮਾਸੂਮ ਬੱਚੀ ਨੂੰ ਉਸ ਦੀ ਮਾਂ ਨੇ ਜ਼ਿੰਦਾ ਸਾੜ ਦਿੱਤਾ। ਦਰਅਸਲ ਲੜਕੀ ਘਰ ਦੇ ਬਾਹਰ ਖੇਡਣ ਗਈ ਸੀ। ਇਸ ਦੌਰਾਨ ਉਸ ਦੀ ਇਲਾਕੇ ਦੇ ਬੱਚਿਆਂ ਨਾਲ ਲੜਾਈ ਹੋ ਗਈ। ਜਦੋਂ ਮਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਗੁੱਸੇ 'ਚ ਸੈਨੇਟਾਈਜ਼ਰ ਛਿੜਕ ਕੇ ਅੱਗ ਲਗਾ ਦਿੱਤੀ। ਅੱਗ 'ਚ ਲੜਕੀ ਬੁਰੀ ਤਰ੍ਹਾਂ ਝੁਲਸ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਦੋ ਦਿਨ ਪਹਿਲਾਂ ਅਤਰੌਲੀ ਦੇ ਪਿੰਡ ਮੁਹੰਮਦਪੁਰ ਬਧੈਰਾ ਦਾ ਹੈ। ਇਹ ਘਟਨਾ ਅੱਜ ਸਾਹਮਣੇ ਆਈ ਹੈ। ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਫਰਾਰ ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: RBI ਦੇ ਹੈੱਡਕੁਆਰਟਰ ਪਹੁੰਚੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਗਵਰਨਰ ਨਾਲ ਕੀਤੀ ਮੁਲਾਕਾਤ 

ਦੱਸ ਦੇਈਏ ਕਿ ਮੁਹੰਮਦਪੁਰਾ ਬਧੈਰਾ ਵਿਚ ਨੋਟੀ ਸਿੰਘ ਆਪਣੀ ਪਤਨੀ ਆਸ਼ਾ ਦੇਵੀ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ। ਪੁਲਿਸ ਮੁਤਾਬਕ ਨੋਟੀ ਦੀ 5 ਸਾਲਾ ਬੱਚੀ ਵੰਦਨਾ ਐਤਵਾਰ ਨੂੰ ਘਰ ਦੇ ਬਾਹਰ ਖੇਡਣ ਗਈ ਸੀ। ਇਸੇ ਦੌਰਾਨ ਉਸ ਦੀ ਪਿੰਡ ਦੇ ਬੱਚਿਆਂ ਨਾਲ ਲੜਾਈ ਹੋ ਗਈ। ਬੱਚਿਆਂ ਦੇ ਮਾਪਿਆਂ ਨੇ ਇਸ ਦੀ ਸ਼ਿਕਾਇਤ ਵੰਦਨਾ ਦੀ ਮਾਂ ਆਸ਼ਾ ਨੂੰ ਕੀਤੀ। ਝਗੜੇ ਬਾਰੇ ਪਤਾ ਲੱਗਣ 'ਤੇ ਆਸ਼ਾ ਦੇਵੀ ਨੂੰ ਬਹੁਤ ਗੁੱਸਾ ਆਇਆ। ਆਸ਼ਾ ਨੇ ਲੜਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ’ਚ ਸ਼ਾਮਲ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਪੁਲਿਸ ਨੇ ਦੱਸਿਆ ਕਿ ਆਸ਼ਾ ਆਪਣੀ ਧੀ ਵੰਦਨਾ ਨੂੰ ਬਾਹਰਲੇ ਬੱਚਿਆਂ ਨਾਲ ਖੇਡਣ ਤੋਂ ਹਮੇਸ਼ਾ ਮਨ੍ਹਾ ਕਰਦੀ ਸੀ ਪਰ ਐਤਵਾਰ ਨੂੰ ਜਦੋਂ ਵੰਦਨਾ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਖੇਡਣ ਗਈ ਤਾਂ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਗਈ। ਗੁੱਸੇ 'ਚ ਉਸ ਨੇ ਇਸ 'ਤੇ ਸੈਨੀਟਾਈਜ਼ਰ ਪਾ ਕੇ ਅੱਗ ਲਗਾ ਦਿੱਤੀ। ਅੱਗ ਲੱਗਦੇ ਹੀ ਵੰਦਨਾ ਉੱਚੀ-ਉੱਚੀ ਰੋਣ ਲੱਗੀ। ਉਸ ਦੀ ਆਵਾਜ਼ ਸੁਣ ਕੇ ਗੁਆਂਢੀ ਉੱਥੇ ਪਹੁੰਚ ਗਏ। ਗੁਆਂਢੀਆਂ ਨੇ ਸੋਚਿਆ ਕਿ ਕੋਈ ਹਾਦਸਾ ਵਾਪਰ ਗਿਆ ਹੈ। ਇਸ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ। ਗੁਆਂਢੀਆਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਪਰ ਉਸੇ ਦਿਨ ਰਾਤ ਨੂੰ ਬੱਚੀ ਦੀ ਮੌਤ ਹੋ ਗਈ। ਘਟਨਾ ਦੇ ਵੰਦਨਾ ਤੋਂ ਇਲਾਵਾ ਉਸ ਦੇ ਦੋ ਭੈਣ-ਭਰਾ ਉੱਥੇ ਸਨ।  

ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਆਈਪੀਆਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਐਤਵਾਰ ਦੇਰ ਰਾਤ ਹੀ ਲੜਕੀ ਦਾ ਅੰਤਿਮ ਸੰਸਕਾਰ ਗੁਪਤ ਤਰੀਕੇ ਨਾਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਇਸ ਮਾਮਲੇ 'ਚ ਕੋਈ ਕਾਰਵਾਈ ਕਰਨਾ ਵੀ ਨਹੀਂ ਚਾਹੁੰਦੇ ਸਨ ਪਰ ਸੋਮਵਾਰ ਨੂੰ ਉਹਨਾਂ ਦੇ ਇਕ ਰਿਸ਼ਤੇਦਾਰ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ। ਉਹਨਾਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਦੇ ਪਤੀ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਓ ਮੋਹਸੀਨ ਖਾਨ ਨੇ ਦੱਸਿਆ ਕਿ ਮੁਲਜ਼ਮ ਔਰਤ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤ ਦੀ ਗ੍ਰਿਫਤਾਰੀ ਲਈ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਜਾਵੇਗਾ।