ਅਮਰੀਕਾ 'ਚ ਸ਼ਰਨ ਮੰਗਣ 'ਚ ਪੰਜਾਬੀ ਮੋਹਰੀ, ਦੂਜੇ ਨੰਬਰ 'ਤੇ ਹਰਿਆਣਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਵਿਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ ਸੀ............

American Sikh Child

ਨਵੀਂ ਦਿੱਲੀ :  ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਵਿਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ ਸੀ। ਇਨ੍ਹਾਂ ਵਿਚ ਸੱਭ ਤੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ।  ਪੰਜਾਬੀਆਂ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਦਾ ਨੰਬਰ ਆਉਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਰਨ ਮੰਗਣ ਲਈ ਪੰਜਾਬ ਦੇ ਬਹੁਤੇ ਲੋਕ ਖ਼ੁਦ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦਸਦਿਆਂ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਜਦਕਿ ਹਰਿਆਣਾ ਵਾਲੇ ਖ਼ੁਦ ਨੂੰ ਕਾਂਗਰਸੀ ਦੱਸ ਕੇ ਉਥੋਂ ਦੀ ਭਾਜਪਾ ਸਰਕਾਰ ਤੋਂ ਅਪਣੇ ਆਪ ਨੂੰ ਖ਼ਤਰਾ ਹੋਣ ਦੀ ਗੱਲ ਆਖਦੇ ਹਨ।

ਇਨ੍ਹਾਂ ਵਿਚੋਂ ਜ਼ਿਆਦਾਤਰ ਅਰਜ਼ੀ ਦੇਣ ਵਾਲਿਆਂ ਦੀ ਉਮਰ 20 ਤੋਂ 22 ਸਾਲ ਦੀ ਹੁੰਦੀ ਹੈ।  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਨਆਰਆਈ ਵਿਆਹ ਅਤੇ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ 'ਤੇ ਕਰਵਾਏ ਸੰਮੇਲਨ ਵਿਚ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਨਵਾਂ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਜੋ ਅਤਿ ਮੰਦਭਾਗਾ ਹੈ। ਏਜੰਟ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ 'ਤੇ ਅਮਰੀਕਾ ਭੇਜਣ ਦੇ ਸੁਪਨੇ ਵਿਖਾਉਂਦੇ ਹਨ। ਪਹਿਲਾਂ ਇਕ ਸਾਲ ਅਮਰੀਕਾ ਵਿਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 52 ਸੀ। ਫਿਰ ਇਹ ਗਿਣਤੀ ਵਧ ਕੇ 101 ਹੋ ਗਈ ਅਤੇ ਹੁਣ ਇਹ ਗਿਣਤੀ 340 ਤਕ ਪਹੁੰਚ ਗਈ ਹੈ। 

ਉਨ੍ਹਾਂ ਦਸਿਆ ਕਿ ਏਜੰਟ ਲੋਕਾਂ ਨੂੰ ਸਿਖਾ ਦਿੰਦੇ ਹਨ ਕਿ ਭਾਰਤੀ ਮੂਲ ਦੇ ਕਰਮਚਾਰੀਆਂ ਨਾਲ ਗੱਲ ਨਾ ਕਰੋ। ਅਜਿਹਾ ਕਰਨ 'ਤੇ ਸਾਬਤ ਹੋਵੇਗਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ। ਅਜਿਹੇ ਵਿਚ ਕੋਸ਼ਿਸ਼ ਕਰ ਕੇ ਵੀ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਲਈ ਵਿਦੇਸ਼ ਭੇਜਣ ਵਾਲੇ ਫ਼ਰਜ਼ੀ ਏਜੰਟਾਂ ਦਾ ਧੰਦਾ ਬੰਦ ਕਰਨਾ ਜ਼ਰੂਰੀ ਹੈ। (ਏਜੰਸੀ)