ਪ੍ਰਧਾਨ ਮੰਤਰੀ ਨੇ ਪਰਾਲੀ ਨਾ ਸਾੜਨ ਲਈ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕੀਤੀ
'ਮਨ ਕੀ ਬਾਤ' 'ਚ ਲੋਕਾਂ ਨੂੰ ਸੰਤੁਲਿਤ ਜੀਵਨਸ਼ੈਲੀ ਅਪਨਾਉਣ ਦੀ ਗੱਲ ਕਹੀ.........
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਖੇਤਰ 'ਚ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਜਾਰੀ ਚਿੰਤਾਵਾਂ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਤਾਰੀਫ਼ ਕੀਤੀ ਜੋ ਖੇਤਾਂ 'ਚ ਪਰਾਲੀ ਨਹੀਂ ਸਾੜਦੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜਿੱਥੇ ਦੁਨੀਆਂ 'ਚ ਖ਼ਾਸ ਕਰ ਕੇ ਪੱਛਮ 'ਚ ਵਾਤਾਵਰਣ ਦੇ ਬਚਾਅ ਉਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਇਕ ਸੰਤੁਲਿਤ ਜੀਵਨਸ਼ੈਲੀ ਅਪਨਾਉਣ ਲਈ ਨਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਭਾਰਤ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮੋਦੀ ਨੇ ਕਿਹਾ, ''ਪਰ ਇਸ ਤੋਂ ਬਚਾਅ ਲਈ ਸਾਨੂੰ ਅਪਣੇ ਅੰਦਰ ਹੀ ਝਾਕਣਾ ਹੋਵੇਗਾ।
ਅਪਣੇ ਮਾਣਮੱਤੇ ਇਤਿਹਾਸ ਅਤੇ ਅਮੀਰ ਪਰੰਪਰਾਵਾਂ ਵਲ ਵੇਖਣਾ ਹੋਵੇਗਾ ਅਤੇ ਖ਼ਾਸ ਕਰ ਕੇ ਅਪਣੇ ਆਦਿਵਾਸੀ ਲੋਕਾਂ ਦੀ ਜੀਵਨਸ਼ੈਲੀ ਸਮਝਣੀ ਹੋਵੇਗੀ।'' ਉਨ੍ਹਾਂ ਨੇ ਅਪਣੇ ਮਹੀਨਾਵਾਰ ਰੇਡੀਉ ਸੰਬੋਧਨ 'ਮਨ ਕੀ ਬਾਤ' 'ਚ ਜੈਵਿਕ ਖੇਤੀਬਾੜੀ 'ਚ 'ਸ਼ਾਨਦਾਰ ਤਰੱਕੀ' ਲਈ ਉੱਤਰ-ਪੂਰਬ ਦੇ ਸੂਬਿਆਂ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਖੇਤਾਂ 'ਚ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੁੱਦੇ ਵਲ ਸੰਕੇਤ ਕਰਦਿਆਂ ਪੰਜਾਬ ਦੇ ਇਕ ਕਿਸਾਨ ਗੁਰਬਚਨ ਸਿੰਘ ਦਾ ਜ਼ਿਕਰ ਕੀਤਾ ਜਿਸ ਨੇ ਅਪਣੇ ਹੋਣ ਵਾਲੇ ਸੱਸ-ਸਹੁਰੇ ਨੂੰ ਇਹ ਵਾਅਦਾ ਕਰਨ ਲਈ ਕਿਹਾ ਕਿ ਉਹ ਅਪਣੇ ਖੇਤਾਂ 'ਚ ਪਰਾਲੀ ਨਹੀਂ ਸਾੜਨਗੇ।
ਉਨ੍ਹਾਂ ਕਿਹਾ, ''ਤੁਸੀਂ ਇਸ ਬਿਆਨ ਦੀ ਸਮਾਜਕ ਤਾਕਤ ਦੀ ਚੰਗੀ ਤਰ੍ਹਾਂ ਕਲਪਨਾ ਕਰ ਸਕਦੇ ਹੋ। ਗੁਰਬਚਨ ਸਿੰਘ ਜੀ ਨੇ ਜੋ ਗੱਲ ਰੱਖੀ, ਉਹ ਕਾਫ਼ੀ ਆਮ ਲਗਦੀ ਹੈ ਪਰ ਇਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਚਰਿੱਤਰ ਕਿੰਨਾ ਵੱਡਾ ਅਤੇ ਮਜ਼ਬੂਤ ਹੈ ਅਤੇ ਅਸੀਂ ਵੇਖਿਆ ਹੈ ਕਿ ਸਾਡੇ ਸਮਾਜ 'ਚ ਅਜਿਹੇ ਕਈ ਪ੍ਰਵਾਰ ਹਨ ਜੋ ਵਿਆਪਕ ਤੌਰ 'ਤੇ ਅਪਣੇ ਵਿਅਕਤੀਗਤ ਮਾਮਲਿਆਂ ਨੂੰ ਸਮਾਜ ਦੇ ਲਾਭ ਨਾਲ ਜੋੜ ਦਿੰਦੇ ਹਨ।''ਮੋਦੀ ਨੇ ਕਿਹਾ ਕਿ ਪੰਜਾਬ ਦੇ ਨਾਭਾ ਜ਼ਿਲ੍ਹੇ ਦੇ ਕੱਲਰਮਾਜਰਾ ਦੇ ਲੋਕ ਪਰਾਲੀ ਸਾੜਨ ਦੀ ਬਜਾਏ, ਇਸ ਨੂੰ ਅਪਣੇ ਖੇਤ 'ਚ ਵਾਹ ਕੇ ਉਸ 'ਚ ਰੇਤ ਮਿਲਾ ਦਿੰਦੇ ਹਨ ਅਤੇ ਇਸ ਪ੍ਰਕਿਰਿਆ ਲਈ ਜ਼ਰੂਰੀ ਤਕਨੀਕ ਅਪਣਾਉਂਦੇ ਹਨ।
ਉਨ੍ਹਾਂ ਕਿਹਾ, ''ਭਰਾ ਗੁਰਬਚਨ ਸਿੰਘ ਜੀ ਨੂੰ ਵਧਾਈ। ਕੱਲਰ ਮਾਜਰਾ ਅਤੇ ਉਨ੍ਹਾਂ ਸਾਰੀਆਂ ਥਾਵਾਂ ਦੇ ਲੋਕਾਂ ਨੂੰ ਵਧਾਈ ਜੋ ਵਾਤਾਵਰਨ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਬਣਾਈ ਰੱਖਣ ਲਈ ਅਪਣੇ ਵਲੋਂ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਸਾਡੇ ਇਕ ਸੱਚੇ ਉਤਰਾਧਿਕਾਰੀ ਵਜੋਂ ਸਿਹਤਮੰਦ ਜੀਵਨਸ਼ੈਲੀ ਦੀ ਭਾਰਤੀ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਹੇ ਹੋ। ਜਿਸ ਤਰ੍ਹਾਂ ਕੋਈ ਸਾਗਰ ਛੋਟੀਆਂ ਛੋਟੀਆਂ ਬੂੰਦਾਂ ਨਾਲ ਬਣਦਾ ਹੈ ਉਸੇ ਤਰ੍ਹਾਂ ਇਕ ਸਾਕਾਰਾਤਮਕ ਵਾਤਾਵਰਣ ਬਣਾਉਣ 'ਚ ਛੋਟੇ ਛੋਟੇ ਰਚਨਾਤਮਕ ਕਦਮ ਮਹੱਤਵ ਰਖਦੇ ਹਨ।''
ਇਸ ਤੋਂ ਇਲਾਵਾ ਉਨ੍ਹਾਂ ਆਜ਼ਾਦੀ ਤੋਂ ਬਾਅਦ ਭਾਰਤ ਦੇ ਏਕੀਕਰਨ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੰਦਿਆਂ ਕਿਹਾ ਕਿ ਸਮੇਂ ਸਿਰ ਉਨ੍ਹਾਂ ਵਲੋਂ ਦਖ਼ਲਅੰਦਾਜ਼ੀ ਕਰਨ ਕਰ ਕੇ ਹੀ ਜੰਮੂ-ਕਸ਼ਮੀਰ ਨੂੰ 'ਹਮਲੇ' ਤੋਂ ਬਚਾਉਣ 'ਚ ਮਦਦ ਮਿਲੀ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜੈਯੰਤੀ ਮੌਕੇ ਕੀਤੀ ਜਾ ਰਹੀ 'ਰਨ ਫ਼ਾਰ ਯੂਨਿਟੀ' 'ਚ ਵੱਡੀ ਗਿਣਤੀ 'ਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ। (ਪੀਟੀਆਈ)