ਮੰਦਸੌਰ ਵਿਚ ਬੱਚੀ ਨਾਲ ਬੇਰਹਿਮੀ ਨਾਲ ਬਲਾਤਕਾਰ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਨਾਬਾਲਗ਼ ਬੱਚੀ ਦੇ ਅਗ਼ਵਾ ਅਤੇ ਬਲਾਤਕਾਰ ਦੇ ਮਾਮਲੇ ਵਿਚ ਪੁਲਿਸ ਨੇ 24 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ...

Rape

ਮੰਦਸੌਰ,ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਨਾਬਾਲਗ਼ ਬੱਚੀ ਦੇ ਅਗ਼ਵਾ ਅਤੇ ਬਲਾਤਕਾਰ ਦੇ ਮਾਮਲੇ ਵਿਚ ਪੁਲਿਸ ਨੇ 24 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਫੜੇ ਗਏ ਪਹਿਲੇ ਮੁਲਜ਼ਮ 20 ਸਾਲਾ ਇਰਫ਼ਾਨ ਨੇ ਪੁਲਿਸ ਨੂੰ ਦਸਿਆ ਕਿ ਕੁੜੀ ਨਾਲ ਬਲਾਤਕਾਰ ਦੀ ਵਰਦਾਤ ਵਿਚ ਉਸ ਨਾਲ ਮੰਦਸੌਰ ਦੇ ਮਦਰਪੁਰਾ ਦਾ ਵਾਸੀ ਆਸਿਫ਼ ਵੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। 

ਮੰਦਸੌਰ ਵਿਚ 26 ਜੂਨ ਨੂੰ ਛੁੱਟੀ ਮਗਰੋਂ ਸਕੂਲ ਦੇ ਬਾਹਰੋਂ ਸੱਤ ਸਾਲਾ ਬੱਚੀ ਨੂੰ  ਅਗ਼ਵਾ ਕਰ ਲਿਆ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕਰਨ ਮਗਰੋਂ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵਿਚ ਉਸ ਨੂੰ ਝਾੜੀਆਂ ਵਿਚ ਸੁੱਟ ਦਿਤਾ ਗਿਆ। ਘਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਬੱਚੀ ਜ਼ਖ਼ਮੀ ਹਾਲਤ ਵਿਚ ਝਾੜੀਆਂ ਵਿਚ ਪਈ ਮਿਲੀ। ਬੱਚੀ ਨੂੰ ਮੰਦਸੌਰ ਦੇ ਹਸਪਤਾਲ ਤੋਂ ਇੰਦੌਰ ਭੇਜ ਦਿਤਾ ਗਿਆ ਜਿਥੇ ਉਸ ਦੀ ਹਾਲਤ ਖ਼ਤਰੇ ਵਿਚ ਹੈ। ਬੱਚੀ ਦੇ ਸਰੀਰ 'ਤੇ ਜਗ੍ਹਾ ਜਗ੍ਹਾ ਦੰਦਾਂ ਦੇ ਨਿਸ਼ਾਨ ਹਨ। ਗੁਪਤ ਅੰਗ ਲਹੂ-ਲੁਹਾਨ ਸੀ ਜਿਸ ਕਾਰਨ ਉਸ ਦਾ ਆਪਰੇਸ਼ਨ ਕਰਨਾ ਪਿਆ।

ਪੁਲਿਸ ਨੇ ਇਸ ਮਾਮਲੇ ਵਿਚ 27 ਜੂਨ ਦੀ ਦੇਰ ਰਾਤ ਨੂੰ ਮੁਲਜ਼ਮ ਇਰਫ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੰਦਸੌਰ ਵਿਚ ਲੋਕਾਂ ਨੇ ਇਸ ਘਟਨਾ ਵਿਰੁਧ 28 ਜੂਨ ਨੂੰ ਸ਼ਹਿਰ ਬੰਦ ਰਖਿਆ।  ਪੁਲਿਸ ਅਧਿਕਾਰੀ ਐਸ ਐਸ ਕਨੇਸ਼ ਨੇ ਦਸਿਆ ਕਿ ਜਾਂਚ ਮਗਰੋਂ ਮਾਸੂਮ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੂਜੇ ਮੁਲਜ਼ਮ ਨੂੰ ਪਾਸਕੋ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਆਸਿਫ਼ ਮਕਾਨ ਦੀ ਛੱਤ ਪਾਉਣ ਲਈ ਸੈਂਟਿੰਗ ਬਣਾਉਣ ਦਾ ਕੰਮ ਕਰਦਾ ਹੈ। ਇਸ ਮਾਮਲੇ ਵਿਚ ਸ਼ਹਿਰ ਦੇ ਮੁਸਲਿਮ ਸਮਾਜ ਅਤੇ ਮੇਵ ਵੈਲਫ਼ੇਅਰ ਸੁਸਾਇਟੀ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿਤਾ ਹੈ। ਕਿਹਾ ਗਿਆ ਹੈ ਕਿ ਨਿਜੀ ਸਕੂਲ ਦੀ ਕੁੜੀ ਨੂੰ ਅਗ਼ਵਾ ਕਰ ਕੇ ਜਿਸ ਬੇਰਹਿਮੀ ਨਾਲ ਉਸ ਨਾਲ ਬਲਾਤਕਾਰ ਕੀਤਾ ਗਿਆ, ਉਸ ਕਾਰਨ ਮੁਸਲਿਮ ਸਮਾਜ ਅੰਦਰ ਭਾਰੀ ਗੁੱਸਾ ਹੈ।

ਇਸ ਗ਼ੈਰਮਨੁੱਖੀ ਕਾਰੇ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ। ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੇ ਰਾਜਪਾਲ ਦੇ ਨਾਮ ਭੇਜੇ ਪੱਤਰ ਵਿਚ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮਾਮਲੇ ਦੀ ਸੁਣਵਾਈ ਫ਼ਾਸਟ ਟਰੈਕ ਅਦਾਲਤ ਵਿਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਫਾਂਸੀ ਦਿਤੀ ਜਾਵੇ। (ਏਜੰਸੀ)