ਕਸ਼ਮੀਰੀਆਂ ਦਾ ਆਖ਼ਰੀ ਤਰਲਾ : 200 ਸਾਲ ਪੁਰਾਣਾ ਰਾਜ ਦਾ ਦਰਜਾ ਕਾਇਮ ਰਖਿਆ ਜਾਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦ ਨੂੰ ਕੀਤੀ ਅਪੀਲ

Jammu and Kashmir : People urge Centre govt to maintain statehood

ਜੰਮੂ : ਨੈਸ਼ਨਲ ਕਾਨਫ਼ਰੰਸ ਨੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਯੋਜਨਾ ਦਾ ਤਿਆਗ ਕਰਨ ਲਈ ਕੇਂਦਰ ਨੂੰ ਆਖ਼ਰੀ ਸਮੇਂ 'ਚ ਅਪੀਲ ਕੀਤੀ ਅਤੇ ਇਸ ਦਾ 200 ਸਾਲ ਪੁਰਾਣਾ ਰਾਜ ਦਾ ਦਰਜਾ ਕਾਇਮ ਰੱਖਣ ਦੀ ਬੇਨਤੀ ਕੀਤੀ। ਨੈਸ਼ਨਲ ਕਾਨਫ਼ਰੰਸ ਤੋਂ ਇਲਾਵਾ ਰਾਜਨੀਤਕ ਪਾਰਟੀਆਂ, ਬੁੱਧੀਜੀਵੀਆਂ, ਸਿਖਿਆ ਮਾਹਰਾਂ, ਨਾਗਰਿਕ ਸਮਾਜ, ਵਪਾਰੀਆਂ ਅਤੇ ਟਰਾਂਸਪੋਰਟਰਾਂ ਨੇ ਇਕ ਸੁਰ ਵਿਚ ਕਿਹਾ ਕਿ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਨੂੰ ਜੰਮੂ ਕਸ਼ਮੀਰ ਨੂੰ ਇਕ ਰਾਜ ਵਜੋਂ ਕਾਇਮ ਰੱਖਣ ਦੀ ਬੇਨਤੀ ਕਰਦੇ ਹਨ।

ਨੈਸ਼ਨਲ ਕਾਨਫ਼ਰੰਸ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰਾਣਾ ਨੇ ਜੰਮੂ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਸਾਨੂੰ ਇਸ ਨੂੰ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਅਤੇ ਇਸ ਦੀ ਬਜਾਏ ਮਿਲ ਕੇ ਕੰਮ ਕਰਨਾ ਚਾਹੀਦਾ ਹੈ।'  ਉਨ੍ਹਾਂ ਕਿਹਾ, 'ਮਹਾਰਾਜਾ ਗੁਲਾਬ ਸਿੰਘ ਦੁਆਰਾ ਸਥਾਪਤ ਕੀਤੇ 200 ਸਾਲ ਪੁਰਾਣੇ ਰਾਜ ਨੂੰ ਇਕ ਰਾਜ ਵਜੋਂ ਕਾਇਮ ਰਖਿਆ ਜਾਵੇ। “ਜੰਮੂ ਅਤੇ ਕਸ਼ਮੀਰ ਭਾਰਤ ਦਾ ਤਾਜ ਹੈ ਅਤੇ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਬਣੇ ਰਹਾਂਗੇ। ਅਸੀਂ ਭਾਰਤੀ ਹਾਂ ਅਤੇ ਹਮੇਸ਼ਾਂ ਭਾਰਤੀ ਬਣੇ ਰਹਾਂਗੇ। ਜੰਮੂ-ਕਸ਼ਮੀਰ ਸੰਵਿਧਾਨ ਵੀ ਇਹ ਸਪੱਸ਼ਟ ਕਰਦਾ ਹੈ ਕਿ ਰਾਜ ਭਾਰਤ ਦਾ ਇਕ ਅਟੁੱਟ ਅੰਗ ਹੈ ਅਤੇ ਇਸ ਬਾਰੇ ਕੋਈ ਸ਼ੱਕ ਨਹੀਂ।'

ਉਨ੍ਹਾਂ ਕਿਹਾ ਕਿ ਜੰਮੂ ਖ਼ਿੱਤੇ ਵਿਚ ਲੋਕਾਂ ਦੀ ਭਾਵਨਾ ਹੈ ਕਿ ਉਨ੍ਹਾਂ ਨੂੰ ਹਾਸ਼ੀਏ 'ਤੇ ਰਖਿਆ ਜਾ ਰਿਹਾ ਹੈ। “ਜੰਮੂ ਦੀ ਆਵਾਜ਼ ਨੂੰ ਸੁਣਨ ਦੀ ਜ਼ਰੂਰਤ ਹੈ। ਖ਼ਿੱਤੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖ਼ਾਸਕਰ 1990 ਦੇ ਦਹਾਕੇ ਤੋਂ ਬਾਅਦ ਜਦ ਕਸ਼ਮੀਰ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪਿਆ।  ਉਨ੍ਹਾਂ ਕਿਹਾ ਕਿ  ਉਹ ਭਾਜਪਾ, ਕਾਂਗਰਸ, ਪੈਂਥਰਜ਼ ਪਾਰਟੀ, ਸੀਪੀਆਈ (ਐਮ), ਬਸਪਾ ਅਤੇ ਹੋਰ ਪਾਰਟੀਆਂ ਨੂੰ ਬੇਨਤੀ ਕਰਦੇ ਹਨ ਕਿ ਮਤਭੇਦਾਂ ਨੂੰ ਛੱਡ ਕੇ ਇਕੱਠੇ ਹੋ ਕੇ ਰਾਜ ਦੀ ਬਹਾਲੀ ਲਈ ਸਾਂਝੀ ਕੋਸ਼ਿਸ਼ ਕਰੀਏ। ਬੁੱਧੀਜੀਵੀਆਂ, ਵਿਦਵਾਨਾਂ, ਸਿਵਲ ਸੁਸਾਇਟੀ, ਵਪਾਰੀ ਅਤੇ ਟਰਾਂਸਪੋਰਟਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।