ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ : ਮੌਨਸੂਨ ਸੀਜ਼ਨ ਤੋਂ 4 ਮਹੀਨੇ ਪਹਿਲਾਂ ਹੀ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਪੱਧਰ ਵੱਧ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਵੇਗੀ...

Ranjit Sagar Dam

ਪਠਾਨਕੋਟ : ਮੌਨਸੂਨ ਸੀਜ਼ਨ ਤੋਂ 4 ਮਹੀਨੇ ਪਹਿਲਾਂ ਹੀ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਪੱਧਰ ਵੱਧ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਪਹਾੜਾਂ ਉਪਰ ਪਈ ਬਰਫ਼ ਤੇਜ਼ੀ ਨਾਲ ਪਿਘਲੇਗੀ। ਉਸ ਨਾਲ ਵੀ ਝੀਲ ਵਿੱਚ ਪਾਣੀ ਦੀ ਆਮਦ ਵਧੇਗੀ। ਜੇ ਪਾਣੀ ਦੀ ਆਮਦ ਝੀਲ ਵਿੱਚ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਡੈਮ ਦੇ ਫ਼ਲੱਡ ਗੇਟ (ਸਪਿਲ ਵੇਅ) ਖੋਲ੍ਹਣੇ ਪੈ ਸਕਦੇ ਹਨ।
ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਰੋਜ਼ਾਨਾ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਹ ਪੱਧਰ 521.56 ਮੀਟਰ ਤੱਕ ਪੁੱਜ ਗਿਆ ਹੈ, ਜੋ ਕਿ ਫ਼ਰਵਰੀ ਮਹੀਨੇ ਵਿੱਚ ਇੱਕ ਰਿਕਾਰਡ ਹੈ। ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਸਾਢੇ 25 ਮੀਟਰ ਵੱਧ ਹੈ।
ਜਾਣਕਾਰੀ ਅਨੁਸਾਰ ਡੈਮ ਦੀ ਝੀਲ ਉਪਰ ਬਣੇ ਪਹਾੜਾਂ ਵਿੱਚ ਚਮੇਰਾ ਡੈਮ ਵਲੋਂ 8184 ਕਿਊਸਿਕ ਪਾਣੀ ਅੱਜ ਦਾਖ਼ਲ ਹੋਇਆ ਸੀ ਅਤੇ ਡੈਮ ਦਾ ਇੱਕ ਯੂਨਿਟ ਚਲਾ ਕੇ 150 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ। ਝੀਲ ਵਿੱਚ ਪਾਣੀ ਦਾ ਪੱਧਰ 521.56 ਮੀਟਰ ਦਰਜ ਕੀਤਾ ਗਿਆ, ਜਦਕਿ ਡੈਮ ਤੋਂ ਬਿਜਲੀ ਉਤਪਾਦਨ ਕਰਨ ਬਾਅਦ 4650 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਦੀ ਤਰਫ਼ ਛੱਡਿਆ ਗਿਆ। ਮਾਧੋਪੁਰ ਹੈਡਵਰਕਸ ਤੋਂ 1450 ਕਿਊਸਿਕ ਪਾਣੀ ਐਮ.ਬੀ ਲਿੰਕ ਨਹਿਰ ਵਿੱਚ, 3000 ਕਿਊਸਿਕ ਪਾਣੀ ਯੂ.ਬੀ.ਡੀ.ਸੀ ਨਹਿਰਾਂ ਵਿੱਚ ਅਤੇ 200 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਵਿੱਚ ਭੇਜਿਆ ਜਾ ਰਿਹਾ ਹੈ।
ਪਿਛਲੇ ਸਾਲ ਫ਼ਰਵਰੀ ਮਹੀਨੇ ਝੀਲ ਵਿੱਚ ਪਾਣੀ ਦਾ ਪੱਧਰ 495.92 ਮੀਟਰ ਸੀ, ਜੋ ਇਸ ਵਾਰ ਫਰਵਰੀ ਮਹੀਨੇ ਵਿੱਚ 521 ਮੀਟਰ ਹੈ। ਸਾਲ 2004 'ਚ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਫ਼ਰਵਰੀ ਮਹੀਨੇ ਵਿੱਚ ਮੌਜੂਦਾ ਪਾਣੀ ਦਾ ਪੱਧਰ ਸਭ ਤੋਂ ਵੱਧ ਹੈ। ਫ਼ਰਵਰੀ ਮਹੀਨੇ 'ਚ ਪਾਣੀ ਦਾ ਇਸ ਪੱਧਰ 'ਤੇ ਪੁੱਜ ਜਾਣਾ ਬਿਜਲੀ ਉਤਪਾਦਨ ਲਈ ਸ਼ੁੱਭ ਸੰਕੇਤ ਹੈ ਪਰ ਮੌਨਸੂਨ ਸੀਜ਼ਨ ਤੋਂ 4 ਮਹੀਨੇ ਪਹਿਲਾਂ ਪਾਣੀ ਦਾ ਇੰਨਾ ਵਧਣਾ ਚਿੰਤਾ ਦਾ ਵਿਸ਼ਾ ਵੀ ਹੈ।
ਡੈਮ ਦੇ ਨਿਗਰਾਨ ਇੰਜੀਨੀਅਰ ਸੁਧੀਰ ਗੁਪਤਾ ਮੁਤਾਬਕ ਝੀਲ 'ਚ ਪਾਣੀ ਦਾ ਪੱਧਰ ਵਧਿਆ ਹੈ। ਇਸ ਨਾਲ ਬਿਜਲੀ ਉਤਪਾਦਨ ਵਧੇਗਾ। ਭਲਕੇ ਤੋਂ ਹੀ ਇੱਕ ਯੂਨਿਟ ਹੋਰ ਚਲਾ ਕੇ 150 ਮੈਗਾਵਾਟ ਬਿਜਲੀ ਹੋਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਪਾਣੀ ਦੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ।