ਪੰਜਾਬ 'ਚ 'ਆਪ' ਦਾ ਭਵਿੱਖ ਤੈਅ ਕਰੇਗੀ ਖਹਿਰਾ ਦੀ ਬਠਿੰਡਾ ਕਨਵੈਨਸ਼ਨ
ਅਪਣੀ ਹੋਂਦ ਦੇ ਕਰੀਬ ਪੰਜ ਸਾਲਾਂ 'ਚ ਇੱਕ ਦਰਜ਼ਨ ਤਂੋ ਵੱਧ ਟੁੱਟ-ਭੱਜ ਦਾ ਸਿਕਾਰ ਹੋਣ ਵਾਲੀ ਆਮ ਆਦਮੀ ਪਾਰਟੀ ਦਾ ਭਵਿੱਖ ਭਲਕੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ.........
ਬਠਿੰਡਾ : ਅਪਣੀ ਹੋਂਦ ਦੇ ਕਰੀਬ ਪੰਜ ਸਾਲਾਂ 'ਚ ਇੱਕ ਦਰਜ਼ਨ ਤਂੋ ਵੱਧ ਟੁੱਟ-ਭੱਜ ਦਾ ਸਿਕਾਰ ਹੋਣ ਵਾਲੀ ਆਮ ਆਦਮੀ ਪਾਰਟੀ ਦਾ ਭਵਿੱਖ ਭਲਕੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ 'ਚ ਰੱਖੀ ਕਨਵੈਨਸ਼ਨ ਤੈਅ ਕਰੇਗੀ। ਹਾਲਾਂਕਿ ਪਿਛਲੀਆਂ ਟੁੱਟ-ਭੱਜ ਦੌਰਾਨ ਵੀ ਅਲੱਗ ਹੋਏ ਨੇਤਾਵਾਂ ਵਲੋਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ ਪ੍ਰੰਤੂ ਖਹਿਰਾ ਦੇ ਪੱਖ ਵਿਚ ਇਹ ਵੱਡੀ ਗੱਲ ਜਾ ਰਹੀ ਹੈ ਕਿ ਅੱਧੀ ਦਰਜਨ ਦੇ ਕਰੀਬ ਵਿਧਾਇਕ ਉਸ ਦੇ ਨਾਲ ਦਿੱਲੀ ਦੇ ਭਾਰੀ ਦਬਾਅ ਦੇ ਬਾਵਜੂਦ ਡਟੇ ਹੋਏ ਹਨ।
ਬੇਸ਼ੱਕ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਤੋੜਨ ਜਾਂ ਨਵੀਂ ਪਾਰਟੀ ਬਣਾਉਣ ਵਰਗੀ ਕੋਈ ਕਾਰਵਾਈ ਨਹੀਂ ਕਰਨਗੇ ਪ੍ਰੰਤੂ ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਆਪ ਅੰਦਰ ਜੋ ਹਾਲਾਤ ਪੈਦਾ ਹੋ ਰਹੇ ਹਨ, ਉਹ ਇਸ ਦੇ ਅੰਦਰੋਂ ਇਕ ਨਵੀਂ ਪਾਰਟੀ ਨਿਕਲਣ ਦੇ ਸਪੱਸ਼ਟ ਸੰਕੇਤ ਹਨ। ਵਿਧਾਨ ਸਭਾ ਦੀ ਅੰਦਰਲੀ ਸਥਿਤੀ ਮੁਤਾਬਕ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਵਿਚੋਂ ਇਕ ਨਵੀ ਸਿਆਸੀ ਪਾਰਟੀ ਪੈਦਾ ਕਰਨ ਲਈ 7 ਵਿਧਾਇਕਾਂ ਦਾ ਇਕ ਥਾਂ ਖੜਨਾ ਜ਼ਰੂਰੀ ਹੈ, ਜਿਸ ਦੀ ਖਹਿਰਾ ਅਤੇ ਉਸ ਦੇ ਸਾਥੀਆਂ ਨੂੰ ਪੂਰਨ ਉੁਮੀਦ ਹੈ।
ਦੂਜੇ ਪਾਸੇ ਖੁਫ਼ੀਆ ਸੂਚਨਾਵਾਂ ਮਿਲਣ ਤੋਂ ਬਾਅਦ ਦਿੱਲੀ ਹਾਈਕਮਾਂਡ ਨੇ ਵੀ ਅਪਣਾ ਸਾਰਾ ਧਿਆਨ ਪੰਜਾਬ 'ਤੇ ਫ਼ੋਕਸ ਕਰ ਦਿਤਾ ਹੈ। ਖਹਿਰਾ ਦੀ ਮੁਹਿੰਮ ਨੂੰ ਫ਼ੇਲ ਕਰਨ ਲਈ ਦੋ ਦਿਨ ਪਹਿਲਾਂ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਦਿੱਲੀ ਬੁਲਾ ਕੇ ਅਪਣੇ ਹੱਕ ਵਿਚ ਖੜਾ ਕਰਨ ਤੋਂ ਬਾਅਦ ਅੱਜ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਸੱਦਿਆ ਗਿਆ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਖੁੱਲ ਕੇ ਸ: ਖ਼ਹਿਰਾ ਦੀ ਹਿਮਾਇਤ ਕਰਨ ਵਾਲੇ ਵਿਧਾਇਕਾਂ ਵਿਚੋਂ ਵੀ ਕੁੱਝ ਵਿਧਾਇਕ ਦਿੱਲੀ ਪਹੁੰਚੇ ਹੋਏ ਹਨ। ਜਿਸਦੇ ਚੱਲਦੇ ਉਨ੍ਹਾਂ ਦੇ ਭਲਕੇ ਇਸ ਕਨਵੈਨਸ਼ਨ ਵਿਚ ਪੁੱਜਣ ਦੀ ਉਮੀਦ ਕਾਫ਼ੀ ਘੱਟ ਹੈ
ਪ੍ਰੰਤੂ ਪਤਾ ਚੱਲਿਆ ਹੈ ਕਿ ਉਨ੍ਹਾਂ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਦੀ ਨੀਤੀ 'ਤੇ ਚੱਲਦਿਆਂ ਅਪਣੇ ਸਮਰਥਕਾਂ ਨੂੰ ਬਠਿੰਡਾ ਕਨਵੈਨਸ਼ਨ 'ਚ ਪੁੱਜਣ ਦਾ ਨਿਰਦੇਸ਼ ਦੇ ਦਿੱਤਾ ਹੈ। ਉਧਰ ਇਸ ਕਨਵੈਨਸਨ ਦੀ ਸਫ਼ਲਤਾ ਨੂੰ ਹੀ ਅਪਣਾ ਸਿਆਸੀ ਭਵਿੱਖ ਮੰਨਦੇ ਹੋਏ ਸੁਖ਼ਪਾਲ ਸਿੰਘ ਖਹਿਰਾ ਅਤੇ ਉਸ ਦੇ ਸਮਰਥਕਾਂ ਨੇ ਅਪਣਾ ਸਭ ਕੁੱਝ ਦਾਅ 'ਤੇ ਲਗਾ ਦਿਤਾ ਹੈ। ਖ਼ਹਿਰਾ ਅੱਜ ਇਸ ਕਨਵੈਨਸ਼ਨ ਨੂੰ ਸਫ਼ਲ ਬਣਾਉਣ ਲਈ ਖ਼ੁਦ ਬਠਿੰਡਾ ਡਟੇ ਰਹੇ। ਉਨ੍ਹਾਂ ਲਗਾਤਾਰ ਕਈ ਘੰਟੇ ਅਪਣੇ ਸਮਰਥਕ ਵਿਧਾਇਕਾਂ ਤੇ ਹੋਰ ਅਹੁੱਦੇਦਾਰਾਂ ਨਾਲ ਮੀਟਿੰਗ ਕਰਕੇ ਭਲਕੇ ਲਈ ਰਣਨੀਤੀ ਤਿਆਰ ਕੀਤੀ।