ਹਾਈਕਮਾਨ ਵਲੋਂ ਬਠਿੰਡਾ ਕਨਵੈਨਸ਼ਨ ਪਾਰਟੀ ਵਿਰੋਧੀ ਕਰਾਰ, ਪਰ ਖਹਿਰਾ ਧੜਾ ਵੀ ਅਡੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ, ਖ਼ਾਸਕਰ ਵਿਧਾਇਕ ਦਲ, 'ਚ ਜਾਰੀ ਸੰਕਟ ਹੋਰ ਡੂੰਘਾ ਹੋ ਗਿਆ ਹੈ................

Sukhpal Singh Khaira

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ, ਖ਼ਾਸਕਰ ਵਿਧਾਇਕ ਦਲ, 'ਚ ਜਾਰੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਕ ਪਾਸੇ ਜਿਥੇ ਪਾਰਟੀ ਹਾਈਕਮਾਨ ਨੇ ਸਾਬਕਾ ਵਿਰੋਧੀ ਧਿਰ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਦੇ ਧੜੇ ਵਲੋਂ 2 ਅਗੱਸਤ ਨੂੰ ਬਠਿੰਡਾ ਵਿਖੇ ਸੱਦੀ ਜਾ ਚੁੱਕੀ ਪਾਰਟੀ ਕਨਵੈਨਸ਼ਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਕਰਾਰ ਦੇ ਦਿਤਾ ਹੈ, ਦੂਜੇ ਪਾਸੇ ਖਹਿਰਾ ਅਤੇ ਉਨ੍ਹਾਂ ਦੇ ਹਮਾਇਤੀ ਇਸ ਕਨਵੈਨਸ਼ਨ ਨੂੰ ਕਰਵਾਉਣ ਦੇ ਫ਼ੈਸਲੇ ਉਤੇ ਹਾਲੇ ਤਕ ਵੀ ਬਰਕਰਾਰ ਹਨ।ਬੀਤੇ ਕਲ ਇਕ ਦਰਜਨ ਦੇ ਕਰੀਬ ਪੰਜਾਬ ਤੋਂ ਪਾਰਟੀ ਵਿਧਾਇਕਾਂ ਦੀ ਮੌਜੂਦਗੀ 'ਚ ਦਿੱਲੀ ਵਿਖੇ

ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਖਹਿਰਾ ਨੂੰ ਨੇਤਾ ਵਿਰੋਧੀ ਧਿਰ ਲਾਂਭੇ ਕਰਨ ਦੇ ਫ਼ੈਸਲੇ ਨੂੰ ਮੁੜ ਵਿਚਾਰਨ ਬਾਰੇ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ। ਉਥੇ ਹੀ ਅੱਜ ਖਹਿਰਾ ਨੇ ਟਵੀਟ ਕਰ ਕੇ ਪੰਜਾਬ ਵਾਸੀਆਂ, ਖ਼ਾਸਕਰ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਦੀ ਬਿਹਤਰੀ ਲਈ ਇਸ ਕਨਵੈਨਸ਼ਨ 'ਚ ਪੁੱਜਣ ਦੀ 'ਦਲੇਰੀ' ਕਰਨ ਦਾ ਸੱਦਾ ਦਿਤਾ ਹੈ ਤਾਂ ਓਧਰ ਹਾਈਕਮਾਨ ਨੇ ਇਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਥੋਂ ਤਕ ਆਖ ਦਿਤਾ ਹੈ ਕਿ ਜੋ ਵੀ ਇਸ ਕਨਵੈਨਸ਼ਨ ਵਿਚ ਜਾਏਗਾ  ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ।

ਇਸ ਬਾਬਤ ਅੱਜ ਫਿਰ ਦਿਲੀ ਵਿਖੇ ਪੰਜਾਬ ਤੋਂ ਗਏ  ਕੁੱਝ ਪਾਰਟੀ ਆਗੂਆਂ ਨਾਲ ਹਾਈਕਮਾਨ ਦੀ ਇਕ ਹੋਰ ਮੀਟਿੰਗ ਹੋਈ ਜਿਸ ਵਿਚ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਸਾਧੂ ਸਿੰਘ ਤੋਂ ਇਲਾਵਾ ਕਈ ਜ਼ਿਲ੍ਹਾ ਅਤੇ ਜ਼ੋਨਲ ਪ੍ਰਧਾਨ ਹਾਜ਼ਰ ਸਨ। ਸਿਸੋਦੀਆ ਨੇ ਇਹ ਫ਼ੈਸਲਾ ਦਿੱਲੀ ਵਿਚ ਹੋਈ ਪੰਜਾਬ 'ਆਪ' ਬਾਰੇ ਦੂਜੀ ਬੈਠਕ ਵਿਚ ਲਿਆ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਖਹਿਰਾ ਅਤੇ ਉਨ੍ਹਾਂ ਦੇ ਹਮਾਇਤੀ ਵਿਧਾਇਕਾਂ ਵਿਰੁਧ ਪਾਰਟੀ ਸਖ਼ਤੀ ਵਰਤਣ ਦੇ ਰੌਂਅ ਵਿਚ ਹੈ ਅਤੇ ਰੈਲੀ ਕਰਨ 'ਤੇ ਅਨੁਸ਼ਾਸਨਿਕ ਕਾਰਵਾਈ ਕਰਨ ਦੇ ਸੰਕੇਤ ਵੀ ਦਿਤੇ ਹਨ।