ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਨੂੰ ਵੀ ਅਕਾਲੀ ਦਲ ਬਾਦਲ ਦੀ ਰਾਜਨੀਤੀ ਨੇ ਨੀਵਾਂ ਕੀਤਾ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ..............

Paramjit Singh Sarna

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਮੌਕੇ ਦੇ ਹਲਾਤਾਂ ਨੂੰ ਦੇਖ ਕੇ ਇਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਸਤੰਬਰ 2015 ਦੇ ਹਾਲਾਤ ਇਕ ਵਾਰ ਫਿਰ ਪੰਜਾਬ ਵਿਚ ਆ ਗਏ ਹੋਣ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਵੀ ਅਕਾਲੀ ਦਲ ਬਾਦਲ ਦੀ ਰਾਜਨੀਤੀ ਨੇ ਨੀਂਵਾ ਕਰ ਦਿਤਾ ਹੈ।

ਉਨ੍ਹਾਂ ਕਿਹਾ ਕਿ ਇਹ ਪੰਥ ਦੀ ਅਗਵਾਈ ਦੇ ਦਾਅਵੇ ਕਰਨ ਵਾਲਿਆਂ ਨੂੰ 28 ਅਗੱਸਤ ਵਿਧਾਨ ਸਭਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ, ਬਹਿਬਲ ਕਲਾ ਤੇ ਕੋਟਕਪੂਰਾ ਕਾਂਡ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੇਸ਼ ਰੀਪੋਰਟ ਦੇ ਬਹਿਸ ਸੈਸ਼ਨ ਵਿਚ ਜਿਥੇ ਇਕ ਇਕ ਕਹੇ ਸ਼ਬਦ ਦਾ ਰੀਕਾਰਡ ਹਮੇਸ਼ਾ ਲਈ ਕਾਰਵਾਈ ਦਾ ਹਿੱਸਾ ਬਣਾ ਕੇ ਰੀਕਾਰਡ ਰਖਿਆ ਜਾਂਦਾ ਹੈ, ਉਥੇ ਹੀ ਇਨ੍ਹਾਂ ਨੂੰ ਜ਼ਲੀਲ ਭਰੇ ਲਫ਼ਜ਼ਾਂ ਨਾਲ ਪੁਕਾਰਿਆ ਗਿਆ ਹੋਵੇ ਅਤੇ ਪੰਥ ਦੇ ਨੁਮਾਇੰਦੇ ਵਿਧਾਨ ਸਭਾ ਦੇ ਰੋਸ ਦਾ ਹਿੱਸਾ ਬਣੇ ਹੋਣ।

ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਜੋ ਸੌਦਾ ਸਾਧ ਮਾਫ਼ੀ ਮਾਮਲੇ ਵਿਚ ਪ੍ਰਮੁੱਖ ਰੋਲ ਅਦਾ ਕਰਨ ਵਾਲੀਆਂ ਸ਼ਖ਼ਸੀਅਤ ਹਨ, ਹਾਲੇ ਵੀ ਅਪਣੇ ਸਿਆਸੀ ਆਕਵਾਂ ਵਿਰੁਧ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਭਾਈ ਹਿੰਮਤ ਸਿੰਘ ਨੂੰ ਪਿਛਲੇ ਦਿਨੀਂ ਵਿਧਾਨ ਸਭਾ ਦੇ ਸੈਸ਼ਨ ਵਿਚ ਜ਼ਲੀਲ ਭਰੇ ਲਫ਼ਜ਼ਾਂ ਨਾਲ ਪੁਕਾਰਿਆ ਗਿਆ, ਜੇਕਰ ਇਹ ਪੰਥ ਪ੍ਰਵਾਨਤ ਹੁੰਦੇ ਤਾਂ ਇਨ੍ਹਾਂ ਧਾਰਮਕ ਆਗੂਆਂ ਵਿਰੁਧ ਬੋਲਣ ਵਾਲੀ ਉਹ ਕਾਂਗਰਸ ਜਿਸ ਨੂੰ ਹਮੇਸ਼ਾ ਹੀ ਸਿੱਖ ਪੰਥ ਦੀ ਕਾਤਲ ਕਹਿ ਕੇ ਪੁਕਾਰਨ ਵਾਲੇ ਸਿੱਖ ਆਗੂਆਂ ਦਾ ਜਮੀਰ ਕੁੱਝ ਤਾਂ ਆਵਾਜ਼ ਦਿੰਦਾ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਂਦਾ ਤਾਂ ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਬਿਆਨ ਦੇ ਕੇ ਨਿੰਦਾ ਕਰਦੀ ਦਿਖਾਈ ਦਿੰਦੀ ਹੈ। ਵਿਧਾਨ ਸਭਾ ਵਿਚ ਅਕਾਲ ਤਖ਼ਤ ਸਾਹਿਬ ਤੇ ਸੇਵਾ ਨਿਭਾ ਰਹੇ ਮੌਜੂਦਾ ਜਥੇਦਾਰ ਲਈ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਉਹ ਪੂਰੀ ਦੁਨੀਆਂ ਵਿਚ ਫੈਲ ਚੁਕੀ ਹੈ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਕ ਆਜ਼ਾਦ ਹਸਤੀ ਹੋਣ ਦਾ ਮਾਣ ਰਖਦਾ ਹੈ, ਲਗਦਾ ਹੈ ਕਿ ਇਸ ਨੀਵੀਂ ਰਾਜਨੀਤੀ ਨੇ ਇਸ ਸਰਬਉਚ ਅਹੁਦੇ ਨੂੰ ਵੀ ਨੀਂਵਾ ਕਰ ਦਿਤਾ ਹੈ।

Related Stories