ਸਿੱਖ ਕੌਮ ਦਾ ਦਿਲ ਜਿੱਤਣ ਵਾਲੇ ਦੋ ਗ਼ੈਰ ਸਿੱਖ ਲੀਡਰ 'ਟਰੂਡੋ ਤੇ ਇਮਰਾਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਦਾ ਕੋਈ ਕੋਨਾ ਅਜਿਹਾ ਨਹੀਂ ਹੋਵੇਗਾ, ਜਿੱਥੇ ਸਿੱਖ ਕੌਮ ਦੀ ਮੌਜੂਦਗੀ ਨਾ ਹੋਵੇ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ...

Imran khan - Justin trudeau

ਐਸਏਐਸ ਨਗਰ (ਸ਼ਾਹ) :- ਦੁਨੀਆਂ ਦਾ ਕੋਈ ਕੋਨਾ ਅਜਿਹਾ ਨਹੀਂ ਹੋਵੇਗਾ, ਜਿੱਥੇ ਸਿੱਖ ਕੌਮ ਦੀ ਮੌਜੂਦਗੀ ਨਾ ਹੋਵੇ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਸਿੱਖਾਂ ਨੇ ਅਪਣੀ ਮਿਹਨਤ ਅਤੇ ਲਗਨ ਸਦਕਾ ਇਨ੍ਹਾਂ ਦੇਸ਼ਾਂ ਵਿਚ ਵੱਡੀਆਂ ਮੱਲਾਂ ਮਾਰਦੇ ਸਰਕਾਰਾਂ ਵਿਚ ਉਚ ਅਹੁਦੇ ਤਕ ਹਾਸਲ ਕੀਤੇ ਹਨ। ਕੈਨੇਡਾ ਵਰਗੇ ਵੱਡੇ ਮੁਲਕ ਦਾ ਤਾਂ ਰੱਖਿਆ ਮੰਤਰੀ ਵੀ ਇਕ ਸਿੱਖ ਹੈ, ਜੋ ਕਿਸੇ ਦੇਸ਼ ਦਾ ਸਭ ਤੋਂ ਅਹਿਮ ਅਹੁਦਾ ਹੁੰਦਾ ਹੈ।

ਇਸ ਤੋਂ ਇਲਾਵਾ ਇਕ ਇਸਲਾਮੀ ਮੁਲਕ ਵੀ ਹੈ, ਜਿੱਥੋਂ ਦੇ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨੂੰ ਵੱਡਾ ਮਾਣ ਸਤਿਕਾਰ ਦਿਤਾ ਗਿਆ ਹੈ। ਉਹ ਹੈ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ। ਭਾਵੇਂ ਕਿ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿਚ ਸਿੱਖਾਂ ਦੀ ਬੱਲੇ-ਬੱਲੇ ਹੈ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੋ ਕੁੱਝ ਸਿੱਖਾਂ ਲਈ ਕੀਤਾ ਹੈ, ਉਹ ਕਿਸੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ।

ਜਸਟਿਨ ਟਰੂਡੋ ਸਿੱਖ ਹਮਾਇਤੀ ਹੋਣ ਕਰਕੇ ਵਿਸ਼ਵ ਭਰ ਵਿਚ ਪ੍ਰਸਿੱਧ ਹਨ। ਉਨ੍ਹਾਂ ਦੀ ਸਰਕਾਰ ਵਿਚ ਸਿੱਖ ਮੰਤਰੀ ਦੀ ਸ਼ਮੂਲੀਅਤ ਤੋਂ ਹੀ ਇਸ ਗੱਲ ਦਾ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦਾ ਭਾਰਤ ਦੌਰਾ ਸਿੱਖਾਂ ਨਾਲ ਉਨ੍ਹਾਂ ਦੀ ਨੇੜਤਾ ਨੂੰ ਲੈ ਕੇ ਹੀ ਕਾਫ਼ੀ ਚਰਚਾ ਵਿਚ ਰਿਹਾ ਸੀ। ਜਿਸ ਕਾਰਨ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਓਨਾ ਆਦਰ ਸਤਿਕਾਰ ਵੀ ਨਹੀਂ ਮਿਲ ਸਕਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸਿੱਖ ਕੌਮ ਵਿਰੁਧ ਇਕ ਸ਼ਬਦ ਵੀ ਨਹੀਂ ਆਖਿਆ ਬਲਕਿ ਕੈਨੇਡਾ ਪਰਤਦਿਆਂ ਹੀ ਉਨ੍ਹਾਂ ਨੇ ਭਾਰਤ 'ਤੇ ਸਾਜਿਸ਼ ਰਚਣ ਦੇ ਇਲਜ਼ਾਮ ਤਕ ਲਗਾ ਦਿਤੇ ਸਨ।

ਸਿੱਖਾਂ ਦੇ ਧਾਰਮਿਕ ਤਿਓਹਾਰਾਂ ਮੌਕੇ ਅਕਸਰ ਉਨ੍ਹਾਂ ਨੂੰ ਸਿਰ 'ਤੇ ਕੇਸਰੀ ਰੁਮਾਲ ਬੰਨ੍ਹੀ ਦੇਖਿਆ ਜਾਂਦਾ ਹੈ। ਵਿਸਾਖੀ ਮੌਕੇ ਉਨ੍ਹਾਂ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਪੰਜਾਬੀ ਵਿਚ ਮੁਬਾਰਕਵਾਦ ਦਿਤੀ ਸੀ। ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ, ਜਿਨ੍ਹਾਂ ਨੂੰ ਸੱਤਾ ਸੰਭਾਲਿਆਂ ਹਾਲੇ 100 ਦਿਨ ਪੂਰੇ ਹੋਏ ਹਨ ਪਰ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਵੱਡਾ ਐਲਾਨ ਕਰਕੇ ਵਿਸ਼ਵ ਭਰ ਦੇ ਸਮੂਹ ਸਿੱਖ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ,

ਕਿਉਂਕਿ ਕਰਤਾਰਪੁਰ ਸਾਹਿਬ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਜਿੱਥੇ ਬਾਬੇ ਨਾਨਕ ਨੇ ਅਪਣੇ ਜੀਵਨ ਦੇ ਆਖ਼ਰੀ 18 ਵਰ੍ਹੇ ਬਿਤਾਏ। ਬਾਬੇ ਨਾਨਕ ਦਾ ਇਹ ਮੁਕੱਦਸ ਅਸਥਾਨ 'ਸਿੱਖਾਂ ਲਈ ਮੱਕੇ' ਵਾਂਗ ਹੈ। ਇਮਰਾਨ ਖ਼ਾਨ ਨੇ ਜਿਹੜੀ ਖੁੱਲ੍ਹਦਿਲੀ ਸਿੱਖਾਂ ਵਾਸਤੇ ਦਿਖਾਈ ਹੈ, ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਦਿਖਾਈ।

ਭਾਵੇਂ ਕਿ ਵਿਸ਼ਵ ਦੇ ਕੁੱਝ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਕਈ ਮਾਮਲਿਆਂ ਵਿਚ ਸਿੱਖਾਂ ਨੂੰ ਮਾਣ ਸਤਿਕਾਰ ਬਖ਼ਸ਼ਿਆ ਹੈ ਪਰ ਵਿਸ਼ਵ ਭਰ ਵਿਚੋਂ ਜਸਟਿਨ ਟਰੂਡੋ ਅਤੇ ਇਮਰਾਨ ਖ਼ਾਨ ਇਕ ਤਰ੍ਹਾਂ ਨਾਲ ਸਿੱਖਾਂ ਲਈ ਹੀਰੋ ਬਣ ਕੇ ਨਿੱਤਰੇ ਹਨ। ਫਿਲਹਾਲ ਵਿਸ਼ਵ ਦੇ ਇਨ੍ਹਾਂ ਦੋਵੇਂ ਨੇਤਾਵਾਂ ਲਈ ਸਿੱਖ ਕੌਮ ਦੇ ਮਨ ਵਿਚ ਅਥਾਹ ਪਿਆਰ ਤੇ ਸਤਿਕਾਰ ਹੈ।