ਹਥਿਆਰ ਬਣਾਉਣ ਵਾਲੀ ਫੈਕਟਰੀ ਚਲਾ ਰਹੇ 2 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨਾਂ ਕੋਲੋਂ 5 ਪਿਸਤੌਲ ਅਤੇ ਇਕ ਟੈਲੀਸਕੋਪਿਕ ਏਅਰ ਗੰਨ ਬਰਾਮਦ

Batala Police Arrest two youth...

ਗੁਰਦਾਸਪੁਰ: ਬਟਾਲਾ ਪੁਲਿਸ ਵਲੋਂ ਅਸਲਾ ਬਣਾਉਣ ਵਾਲੀ ਫੈਕਟਰੀ ਚਲਾ ਰਹੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਕੋਲੋਂ 5 ਪਿਸਤੌਲ ਅਤੇ ਇਕ ਟੈਲੀਸਕੋਪਿਕ ਏਅਰ ਗੰਨ ਬਰਾਮਦ ਕੀਤੀ ਹੈ। ਪੁਲਿਸ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੇ ਖ਼ੁਦ ਤਿਆਰ ਕੀਤੇ ਸਨ। ਬਰਾਮਦ ਪੰਜ ਪਿਸਤੌਲਾਂ ਵਿਚ ਤਿੰਨ ਪਿਸਤੌਰ 32 ਬੋਰ ਅਤੇ ਦੋ ਪਿਸਤੌਲ 12 ਬੋਰ ਦੇ ਸਨ। ਇਸ ਦੇ ਨਾਲ ਵੱਡੀ ਗਿਣਤੀ ਵਿਚ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਬਟਾਲਾ ਦੇ ਸੀਨੀਅਰ ਪੁਲਿਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਵਿਚੋਂ ਇਕ ਕੰਪਿਊਟਰ ਇੰਜੀਨੀਅਰ ਹੈ ਤੇ ਇਕ ਅਪਣੀ ਲੋਹੇ ਦੀ ਫੈਕਟਰੀ ਵੀ ਚਲਾਉਂਦਾ ਹੈ। ਐਸਐਸਪੀ ਮੁਤਾਬਕ ਨੌਜਵਾਨਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਇਹ ਹਥਿਆਰ ਬਣਾਉਣ ਦੀ ਤਕਨੀਕ ਯੂ-ਟਿਊਬ ਤੋਂ ਸਿੱਖੀ ਤੇ ਵੀਡੀਓ ਵਿਚ ਦਰਸਾਈ ਤਕਨੀਕ ਨਾਲ ਹੀ ਉਨ੍ਹਾਂ ਪੰਜ ਪਿਸਤੌਲ ਬਣਾਏ।

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੇ ਕਿਸ ਮਕਸਦ ਲਈ ਹਥਿਆਰ ਬਣਾਏ ਸਨ। ਨੌਜਵਾਨਾਂ ਨੇ ਕਿਹਾ ਕਿ ਉਹ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਵਿਚ ਹਨ ਪਰ ਮਨ ਵਿਚ ਕੋਈ ਗ਼ਲਤ ਮਕਸਦ ਨਹੀਂ ਸੀ।