ਮਾਂ ਦੀ ਮਾਮੂਲੀ ਝਿੜਕ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖੌਫਨਾਕ ਕਦਮ
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਵਿਚ ਇਕ ਲਾਪਤਾ ਨਾਬਾਲਗ ਲੜਕੇ ਦੀ ਲਾਸ਼ ਬਰਾਮਦ ਹੋਈ ਹੈ।
ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਪਿੰਡ ਗੋਹਤ ਪੋਖਰ ਵਿਚ ਇਕ ਲਾਪਤਾ ਨਾਬਾਲਗ ਲੜਕੇ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 15 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪਿਛਲੇ 13 ਦਿਨ ਤੋਂ ਲਾਪਤਾ ਸੀ।
ਇਹ ਵੀ ਪੜ੍ਹੋ: ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਦੀ ਮਾਂ ਨੇ ਉਸ ਨੂੰ ਮੋਬਾਈਲ ਚਲਾਉਣ ਤੋਂ ਮਨਾਂ ਕੀਤਾ ਸੀ। ਮਾਂ ਦੀ ਮਾਮੂਲੀ ਝਿੜਕ ਤੋਂ ਨਰਾਜ਼ ਹੋ ਕੇ ਉਹ ਘਰੋਂ ਚਲਾ ਗਿਆ ਅਤੇ ਹੁਣ 13 ਦਿਨ ਬਾਅਦ ਉਸ ਦੀ ਲਾਸ਼ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਪ੍ਰੀਤ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦਾ ਪੁੱਤਰ ਪੜ੍ਹ ਲਿਖ ਕੇ ਪਰਿਵਾਰ ਦੀ ਤੰਗੀ ਦੂਰ ਕਰੇਗਾ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਦਾ ਦੋਸ਼, ਨਿੱਜੀ ਹਸਪਤਾਲਾਂ ਨੂੰ ਮਹਿੰਗੇ ਭਾਅ Covaxin ਵੇਚ ਰਹੀ ਪੰਜਾਬ ਸਰਕਾਰ
ਉਹਨਾਂ ਦੱਸਿਆ ਕਿ ਉਹ ਸਾਰਾ ਦਿਨ ਮੋਬਾਈਲ ਚਲਾਉਂਦਾ ਰਹਿੰਦਾ ਸੀ, ਇਸ ਲ਼ਈ ਮਾਂ ਨੇ ਗੁਰਪ੍ਰੀਤ ਨੂੰ ਝਿੜਕ ਦਿੱਤਾ। ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ 13 ਦਿਨਾਂ ਤੋਂ ਉਸ ਦੀ ਤਲਾਸ਼ ਕਰ ਰਹੇ ਸੀ। ਗਾਜ਼ੀਕੋਟ ਦੇ ਨੇੜੇ ਨਹਿਰ ਕੰਢਿਓਂ ਗੁਰਪ੍ਰੀਤ ਦਾ ਸਾਈਕਲ ਵੀ ਬਰਾਮਦ ਹੋਇਆ ਸੀ। ਪੁਲਿਸ ਅਨੁਸਾਰ ਲਾਸ਼ ਪੋਸਟਮਾਰਟਮ ਕਰਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।