ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਦਾ 'ਜਥੇਦਾਰ' ਲਾਉਣ ਦੀ ਤਿਆਰੀ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਪਟਿਆਲਾ ਜੇਲ ਵਿਚ ਸਜ਼ਾ ਭੁਗਤ ਰਹੇ..............

Bhai Balwant Singh Rajoana

ਤਰਨਤਾਰਨ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਪਟਿਆਲਾ ਜੇਲ ਵਿਚ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦਾ 'ਜਥੇਦਾਰ' ਲਗਾਉਣ ਦੀ ਤਿਆਰੀ ਕੀਤੀ ਜਾ ਚੁਕੀ ਹੈ। ਇਸ ਲਈ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ 72 ਘੰਟੇ ਦੇ ਨੋਟਿਸ 'ਤੇ ਬੁਲਾਈ ਜਾ ਰਹੀ ਹੈ। ਇਹ ਮੀਟਿੰਗ 24 ਅਗੱਸਤ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਵਿਚ ਇਹ ਫ਼ੈਸਲਾ ਲਿਆ ਜਾਵੇਗਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਨਾਲ ਦਮਦਮੀ ਟਕਸਾਲ ਸਮੇਤ ਸੰਤ ਸਮਾਜ ਪੂਰੀ ਤਰ੍ਹਾਂ ਨਾਲ ਸਹਿਮਤ ਹਨ। 

ਜਾਣਕਾਰੀ ਮੁਤਾਬਕ ਭਾਈ ਰਾਜੋਆਣਾ ਨੂੰ 'ਜਥੇਦਾਰ' ਲਗਾ ਕੇ ਕਾਰਜਕਾਰੀ ਜਥੇਦਾਰ ਵਜੋਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਜਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੇਵਾ ਸੌਂਪੀ ਜਾ ਸਕਦੀ ਹੈ। ਅਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ 'ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਉਚ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕੀਤੀ ਹੈ।

ਭਾਈ ਰਾਜੋਆਣਾ ਦੇ ਪਰਵਾਰ ਦੀ ਅੰਮ੍ਰਿਤਸਰ ਵਿਚ ਰਿਹਾਇਸ਼ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚਲੀ ਕੋਠੀ ਨੂੰ ਵੀ ਸਾਫ਼ ਕਰਵਾਇਆ ਜਾ ਰਿਹਾ ਹੈ। ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਫ਼ੈਸਲਾ ਕਰਵਾ ਕੇ ਬਰਗਾੜੀ ਮੋਰਚੇ ਵਲੋਂ ਲੋਕਾ ਦਾ ਧਿਆਨ ਹਟਾਉਣ ਦੀ ਪੂਰੀ ਕੋਸ਼ਿਸ਼ ਵਿਚ ਹੈ। 10 ਨਵੰਬਰ 2015 ਨੂੰ ਚੱਬਾ ਵਿਖੇ ਹੋਏ ਸਰੱਬਤ ਖ਼ਾਲਸਾ ਸਮਾਗਮ ਵਿਚ ਬੇਅੰਤ ਸਿੰਘ ਕਤਲ ਕਾਂਡ ਵਿਚ ਦਿੱਲੀ ਦੀ  ਤਿਹਾੜ ਜੇਲ ਵਿਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਸੀ ਜਿਸ ਦਾ ਸਿੱਖ ਨੌਜਵਾਨਾਂ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਭਰਪੂਰ ਸਮਰਥਨ ਕੀਤਾ ਸੀ,

ਅਕਾਲੀ ਦਲ ਹੁਣ ਉਸੇ ਤਰਜ 'ਤੇ ਚਲਦਾ ਹੋਇਆ ਭਾਈ ਰਾਜੋਆਣਾ 'ਤੇ ਦਾਅ ਖੇਡ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਨੇ 23 ਮਾਰਚ 2014 ਨੂੰ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਦੇ ਕੇ ਨਿਵਾਜਿਆ ਸੀ। ਅਪਣੀ ਫਾਂਸੀ ਦੀ ਸਜ਼ਾ ਲਈ ਭਾਈ ਰਾਜੋਆਣਾ ਹੁਣ ਤਕ 2 ਵਾਰ ਪਟਿਆਲਾ ਜੇਲ ਵਿਚ ਭੁੱਖ ਹੜਤਾਲ ਕਰ ਚੁਕੇ ਹਨ ਜਿਸ ਨੂੰ ਤੁੜਵਾਉਣ ਲਈ ਨਵੰਬਰ 2016 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਦੂਜੀ ਵਾਰ ਸ. ਗੋਬਿੰਦ ਸਿੰਘ ਲੋਗੋਵਾਲ ਉਚੇਚੇ ਪਟਿਆਲਾ ਦੀ ਕੇਦਰੀ ਜੇਲ ਵਿਚ ਗਏ ਸਨ।

ਦਸਣਯੋਗ ਹੈ ਕਿ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲੀ ਦਲ ਵਾਰ ਵਾਰ ਕੇਂਦਰੀ ਗ੍ਰਹਿ ਵਿਭਾਗ ਕੋਲ ਪਹੁੰਚ ਕਰ ਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਯਤਨ ਕਰਦਾ ਆ ਰਿਹਾ ਹੈ। ਜੇਕਰ ਅਪਣੇ ਭਾਈਵਾਲਾਂ ਕੋਲੋਂ ਅਜਿਹਾ ਕਰਵਾਉਣ ਵਿਚ ਅਕਾਲੀ ਦਲ ਸਫ਼ਲ ਹੋ ਜਾਂਦਾ ਹੈ ਤਾਂ ਉਮਰ ਕੈਦੀ ਨੂੰ ਮਿਲਣ ਵਾਲੀ ਸਜ਼ਾ ਭਾਈ ਰਾਜੋਆਣਾ ਪੂਰੀ ਕਰ ਚੁਕੇ ਹਨ ਤੇ ਉਨ੍ਹਾਂ ਦੀ ਰਿਹਾਈ ਲਈ ਰਾਹ ਪੱਧਰਾ ਹੋ ਜਾਣ ਦੀਆਂ ਸੰਭਾਵਨਾਵਾਂ ਹਨ। 

Related Stories