ਫ਼ੈਡਰੇਸ਼ਨ ਦੇ ਪੰਜਾਬ ਬੰਦ ਦੇ ਸੱਦੇ ਤੋਂ ਹਵਾਰਾ ਨੇ ਹਮਾਇਤ ਵਾਪਸ ਲੈਣ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਵਿਵਾਦਾਂ 'ਚ ਘਿਰਿਆ..........

Jagtar Singh Hawara

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਿਥੇ ਤਖ਼ਤਾਂ ਦੇ ਜਥੇਦਾਰਾਂ ਨੂੰ ਪਹਿਲੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਦਿਵਸ ਵਜੋਂ ਮਨਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉਥੇ ਤਿੰਨ ਨਵੰਬਰ ਨੂੰ ਦਿੱਲੀ ਵਿਚ ਧਰਨਾ ਦੇਣ ਦਾ ਵੀ ਫ਼ੈਸਲਾ ਕੀਤਾ ਹੈ ਜਦ ਕਿ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਦੋ ਧੜਿਆਂ ਵਲੋਂ ਅਕਾਲੀ ਦਲ ਦੇ ਫ਼ੈਸਲਿਆਂ ਤੋਂ ਦੋ ਕਦਮ ਅੱਗੇ ਜਾਂਦਿਆਂ ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਸੀ

ਜਿਸ ਦੀ ਹਮਾਇਤ ਸਰਬੱਤ ਖ਼ਾਲਸਾ ਵਲੋਂ ਮਨੋਨੀਤ ਕੀਤੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪਹਿਲਾਂ ਬੰਦ ਨੂੰ ਹਮਾਇਤ ਦਿਤੀ ਤੇ ਦੂਸਰਾ ਪੱਤਰ ਜਾਰੀ ਕਰ ਕੇ ਅੱਜ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਕੇ ਫ਼ੈਡਰੇਸ਼ਨ ਨੂੰ ਧਰਮ ਸੰਕਟ ਵਿਚ ਪਾ ਦਿਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਨੋਟ ਰਾਹੀਂ ਫ਼ੈਡਰੇਸ਼ਨ ਦੇ ਫ਼ੈਸਲੇ ਨੂੰ ਇਹ ਕਹਿ ਕੇ ਹਮਾਇਤ ਦਿਤੀ ਸੀ ਕਿ 34 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਹੁਣ ਤੱਕ ਜਿੰਨੀਆਂ ਵੀ ਕੇਂਦਰ ਵਿਚ ਸਰਕਾਰਾਂ ਬਣੀਆਂ ਉਨ੍ਹਾਂ ਸਾਰੀਆਂ ਨੇ ਸਿੱਖਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ

ਉਲਟਾ ਦੋਸ਼ੀਆਂ ਦੇ ਹੱਕ ਵਿਚ ਹੀ ਭੁਗਤਦੀਆਂ ਰਹੀਆਂ। ਸਰਕਾਰਾਂ ਤੇ ਇਨਸਾਫ਼ ਲਈ ਦਬਾਅ ਬਣਾਉਣ ਲਈ ਫ਼ੈਡਰੇਸ਼ਨ ਵਲੋਂ ਦਿਤੇ ਗਏ ਪਹਿਲੀ ਨਵੰਬਰ ਦੇ ਬੰਦ  ਦੀ ਉਹ ਹਮਾਇਤ ਕਰਦੇ ਹਨ ਤੇ ਪੰਜਾਬ ਦੀਆਂ ਹੋਰ ਇਨਸਾਫ਼ ਪਸੰਦ ਪਾਰਟੀਆਂ ਨੂੰ ਵੀ ਹਦਾਇਤ ਕਰਦੇ ਹਨ ਕਿ ਉਹ ਵੀ ਫ਼ੈਡਰੇਸ਼ਨ ਦੇ ਸੱਦੇ ਦੀ ਹਮਾਇਤ ਕਰ ਕੇ ਬੰਦ ਨੂੰ ਕਾਮਯਾਬ ਕਰਨ। ਭਾਈ ਧਿਆਨ ਸਿੰਘ ਮੰਡ ਪਹਿਲਾਂ ਹੀ ਬੰਦ ਦਾ ਵਿਰੋਧ ਕਰ ਚੁਕੇ ਹਨ ਤੇ ਕਹਿ ਚੁਕੇ ਹਨ ਬੰਦ ਕਿਸੇ ਮਸਲੇ ਦਾ ਕੋਈ ਹੱਲ ਨਹੀਂ। 
ਭਾਈ ਹਵਾਰਾ ਵਲੋਂ ਅੱਜ ਨਵਾਂ ਸੰਦੇਸ਼ ਜਾਰੀ ਕਰਦਿਆਂ ਫ਼ੈਡਰੇਸ਼ਨ ਵਲੋਂ ਇਨਸਾਫ਼ ਲਈ ਪੰਜਾਬ ਬੰਦ ਦੇ ਦਿਤੇ ਗਏ

ਸੱਦੇ ਤੋਂ ਹਮਾਇਤ ਵਾਪਸ ਲੈਂਦਿਆਂ ਕਿਹਾ ਕਿ ਸੰਗਤਾਂ ਬੰਦ ਦੀ ਬਜਾਏ ਇਸ ਦਿਨ ਗੁਰੂ ਸਾਹਿਬ ਅੱਗੇ ਵੱਖ ਵੱਖ ਗੁਰੂ ਘਰਾਂ ਵਿਚ ਜਾ ਕੇ ਅਰਦਾਸ ਜੋਦੜੀ ਕਰਨ ਤੇ ਕਾਨੂੰਨੀ ਲੜਾਈ ਡੱਟ ਕੇ ਲੜਨ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਤਂੋ ਸੱਤ ਨਵੰਬਰ ਤਕ 'ਨਸ਼ਲਕੁਸ਼ੀ ਯਾਦਗਾਰੀ ਹਫ਼ਤਾ' ਮਨਾਇਆ ਜਾਵੇ ਤੇ ਅਪਣੇ ਅਪਣੇ ਢੰਗ ਨਾਲ ਸਰਕਾਰਾਂ ਤੱਕ ਇਨਸਾਫ਼ ਲਈ ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਦੇ ਦੋ ਧੜਿਆਂ ਵਲੋਂ ਬਾਕੀ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਗ਼ੈਰ ਬੰਦ ਦਾ ਫ਼ੈਸਲਾ ਲਿਆ ਗਿਆ ਹੈ

ਅਤੇ ਜਿੰਨਾ ਚਿਰ ਤੱਕ ਇਹ ਫ਼ੈਸਲਾ ਸਾਂਝੇ ਰੂਪ ਵਿਚ ਨਹੀਂ ਲਿਆ ਜਾਂਦਾ ਉਨਾ ਚਿਰ ਤਕ ਕਾਮਯਾਬੀ ਨਹੀਂ ਮਿਲ ਸਕਦੀ ਜਿਸ ਕਰ ਕੇ ਉਹ ਹਮਾਇਤ ਵਾਪਸ ਲੈਣ ਦਾ ਐਲਾਨ ਕਰਦੇ ਹਨ।  ਦੂਸਰੇ ਪਾਸੇ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਹੀ ਇਸ ਸਬੰਧੀ ਜਾਣਕਾਰੀ ਮਿਲੀ ਹੈ ਤੇ ਉਹ ਭਲਕੇ ਬੀਬੀ ਜਗਦੀਸ਼ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਇਕੱਤਰਤਾ ਕਰਨਗੇ ਤੇ ਉਸ ਇਕੱਤਰਤਾ ਵਿਚ ਅਗਲਾ ਫ਼ੈਸਲਾ ਲਿਆ ਜਾਵੇਗਾ। ਇਨਸਾਫ਼ ਲੈਣ ਦੀ ਲੜਾਈ ਕਿਸੇ ਵੀ ਸੂਰਤ ਵਿਚ ਮੱਠੀ ਨਹੀਂ ਪੈਣ ਦਿਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਜੰਗ ਜਾਰੀ ਰਹੇਗੀ।

Related Stories