ਸਿੱਧੂ ਦੀ ਚੋਣ ਰੈਲੀ ਵਿਚ ਗੂੰਜੇ 'ਜੋ ਬੋਲੇ ਸੋ ਨਿਹਾਲ...'ਨੂੰ ਵਿਖਾਇਆ 'ਪਾਕਿਸਤਾਨ ਜ਼ਿੰਦਾਬਾਦ' ਵਜੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਾਂ ਖਾਸਕਰ ਤਾਜ਼ਾ ਮਿਸਾਲ ਅਨੁਸਾਰ ਕਰਤਾਰਪੁਰ ਸਾਹਿਬ ਲਾਂਘੇ ਨੂੰ 'ਅੱਤਵਾਦ ਦਾ ਕੋਰੀਡੋਰ' ਵਜੋਂ ਪ੍ਰਚਾਰਨ ਲੱਗੇ ਭਾਰਤ ਉਤੇ ਫਿਰਕੂ ਫੂਕ ਦਾਗਣ..........

Navjot Singh Sidhu

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਿਖਾਂ ਖਾਸਕਰ ਤਾਜ਼ਾ ਮਿਸਾਲ ਅਨੁਸਾਰ ਕਰਤਾਰਪੁਰ ਸਾਹਿਬ ਲਾਂਘੇ ਨੂੰ 'ਅੱਤਵਾਦ ਦਾ ਕੋਰੀਡੋਰ' ਵਜੋਂ ਪ੍ਰਚਾਰਨ ਲੱਗੇ ਭਾਰਤ ਉਤੇ ਫਿਰਕੂ ਫੂਕ ਦਾਗਣ ਲਈ ਬਦਨਾਮ ਮੀਡੀਆ ਦੇ ਇਸ ਹਿਸੇ ਦੀ ਹੁਣ ਇਕ ਹੋਰ ਬੱਜਰ ਕਰਤੂਤ ਬੇਪਰਦ ਹੋਈ ਹੈ।  ਰਾਜਸਥਾਨ ਵਿਚ ਕਾਂਗਰਸ ਲਈ ਚੋਣ ਪ੍ਰਚਾਰ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਰੈਲੀ ਨੂੰ ਲੈ ਕੇ ਫੇਕ ਨਿਊਜ਼ ਚਲਾਉਣ ਲਈ ਇਕ ਪ੍ਰਾਈਵੇਟ ਨਿਊਜ਼ ਚੈਨਲ ਨੂੰ ਇਕ ਤਰਾਂ ਨਾਲ ਗਲਤੀ ਸੁਧਾਰਨ ਅਤੇ ਮੁਆਫੀ ਮੰਗਣ ਦੀ ਮੋਹਲਤ ਦਿੰਦੇ ਹੋਏ

ਉਸਦੇ (ਚੈਨਲ) ਖਿਲਾਫ਼ ਉਹ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਓਣਗੇ। ਇਸਦੇ ਨਾਲ ਹੀ ਸਿੱਧੂ ਨੇ ਉਸ ਵੀਡੀਓ ਨੂੰ ਵੀ ਸਾਜ਼ਿਸ਼ ਕਰਾਰ ਦਿਤਾ ਜਿਸ ਵਿਚ ਕਥਿਤ ਤੌਰ ਉਤੇ ਉਨ੍ਹਾਂ ਦੀ ਇਕ ਰੈਲੀ ਵਿਚ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਗਾਏ ਗਏ ਵਿਖਾਏ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਇਕ ਚੈਨਲ ਨੇ ਇਹ ਵਿਖਾਇਆ ਹੈ ਕਿ, ''ਰਾਜਸਥਾਨ ਵਿਚ ਇਕ ਰੈਲੀ ਵਿਚ ਮੇਰੇ ਚੁਣਾਵੀ ਭਾਸ਼ਣ ਦੇ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ ਹਨ। ਇਹ ਗਲਤ ਹੈ ਅਤੇ ਮੈਂ ਇਸ ਚੈਨਲ ਦੇ ਖਿਲਾਫ ਛੇਤੀ ਹੀ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਵਾਂਗਾ।''

ਇਸ ਦੌਰਾਨ ਬੀਜੇਪੀ ਉਤੇ ਹਮਲਾ ਬੋਲਦੇ ਹੋਏ ਸਿੱਧੂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਮੇਰੀ ਰੈਲੀ ਵਿਚ ਜਿਸ ਤਰ੍ਹਾਂ  ਕਾਂਗਰਸ ਨੂੰ ਸਮਰਥਨ ਮਿਲ ਰਿਹਾ ਹੈ, ਉਸਦੇ ਖਿਲਾਫ਼ ਬੀਜੇਪੀ ਨੇ ਇਨ੍ਹਾਂ ਨੂੰ ਧਮਕਾਇਆ ਹੈ। ਨਿਊਜ਼ ਚੈਨਲ ਨੇ ਜਿਸ ਤਰ੍ਹਾਂ ਇਸ ਵੀਡੀਓ ਨੂੰ ਚਲਾਇਆ ਹੈ, ਮੈਨੂੰ ਸ਼ੱਕ ਹੈ ਕਿ ਇਸਨੂੰ ਲੈ ਕੇ ਕੋਈ ਨਿਰਦੇਸ਼ ਜਾਂ ਕੋਈ ਸਾਜ਼ਿਸ਼ ਰਹੀ ਹੈ। ਜਦੋਂ ਮੈਂ ਪ੍ਰਧਾਨ ਮੰਤਰੀ ਦੇ ਖਿਲਾਫ਼ ਬੋਲ ਰਿਹਾ ਸੀ ਉਦੋਂ ਦਿਖਾਏ ਗਏ ਇਸ ਵੀਡੀਓ ਵਿਚ ਕੁੱਝ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਉਂਦੇ ਵਿਖਾਏ ਗਏ ਹਨ।

ਹਲਾਂਕਿ ਰੈਲੀ ਤੋਂ ਬਾਅਦ ਕੁੱਝ ਲੋਕਾਂ ਨੇ ਅਸਲੀ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਤੋਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੁੰਦਾ ਹੈ ।'' ਦੱਸਣਯੋਗ ਹੈ ਕਿ ਟਵਿਟਰ ਅਤੇ ਹੋਰਨਾਂ ਸੋਸ਼ਲ ਮੀਡੀਆ ਮਾਧਿਅਮਾਂ ਉਤੇ ਉਕਤ ਚੋਣ ਰੈਲੀ ਦੇ ਉਸੇ ਹਿੱਸੇ ਦੀ ਇਕ ਹੋਰ ਵੀਡੀਓ ਵੀ ਮੌਜੂਦ ਹੈ, ਜਿਸ ਵਿਚ ਹਮਾਇਤੀ 'ਜੋ ਬੋਲੇ ਸੋ ਨਿਹਾਲ ...' ਆਖਦੇ ਸਪਸ਼ਟ ਸੁਣਾਈ ਦੇ ਰਹੇ ਹਨ। 

ਕਨੱਈਆ ਕੁਮਾਰ ਦੇ ਕਥਿਤ ਵੀਡੀਓ ਦਾ ਹਵਾਲਾ  : ਸਿੱਧੂ ਨੇ ਇਹ ਵੀ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਮੇਰੀ ਇਸ ਰੈਲੀ ਵਿਚ ਸਾਜ਼ਿਸ਼ ਦੇ ਪਿਛੇ ਉਹ ਲੋਕ ਹਨ ਜਿਨ੍ਹਾਂ ਨੇ ਜੇਐਨਯੂ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਦਾ ਇਕ ਕਥਿਤ ਵੀਡੀਓ ਜਾਰੀ ਕੀਤਾ ਸੀ।

Related Stories