ਮੁੱਖ ਮੰਤਰੀ ਬਾਰੇ ਸਿੱਧੂ ਦੀ ਟਿਪਣੀ ਮੰਦਭਾਗੀ : ਅਰੁਣਾ ਚੌਧਰੀ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਟਿਪਣੀ ਕੀਤੇ ਜਾਣ ਦਾ ਮਾਮਲਾ ਭਖ ਗਿਆ...........

Aruna Chaudhary

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਟਿਪਣੀ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਦੋ ਦਿਨ ਪਹਿਲਾਂ ਸਿੱਧੂ ਨੇ ਹੈਦਰਾਬਾਦ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਸ ਦੇ 'ਕੈਪਟਨ' ਅਮਰਿੰਦਰ ਸਿੰਘ ਨਹੀਂ ਸਗੋਂ ਰਾਹੁਲ ਗਾਂਧੀ ਹਨ। ਉਸ ਦੀ ਟਿਪਣੀ ਦਾ ਵਿਰੋਧ ਕਰਦਿਆਂ ਕਲ ਪੰਜਾਬ ਦੇ ਤਿੰਨ ਮੰਤਰੀਆਂ ਅਤੇ ਇਕ ਸੰਸਦ ਮੈਂਬਰ ਨੇ ਉਸ ਕੋਲੋਂ ਅਸਤੀਫ਼ਾ ਮੰਗ ਲਿਆ। ਜਿਥੇ ਅੱਜ ਇਕ ਹੋਰ ਕੈਬਨਿਟ ਮੰਤਰੀ ਨੇ ਇਸ ਟਿਪਣੀ ਨੂੰ ਮੰਦਭਾਗੀ ਦਸਿਆ, ਉਥੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਦੇ ਪਤੀ ਦੇ ਬਿਆਨ ਨੂੰ ਤੋੜਿਆ-ਮਰੋੜਿਆ ਗਿਆ

ਅਤੇ ਸੰਦਰਭ ਤੋਂ ਵੱਖ ਕੇ ਕਰ ਕੇ ਪੇਸ਼ ਕੀਤਾ ਗਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਿੱਧੂ ਦੀ ਟਿਪਣੀ ਬੇਹੱਦ ਮੰਦਭਾਗੀ ਅਤੇ ਬੇਲੋੜੀ ਸੀ। ਉਨ੍ਹਾਂ ਕਿਹਾ, 'ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਜੋ ਕੁੱਝ ਕਿਹਾ, ਉਹ ਠੀਕ ਨਹੀਂ। ਉਨ੍ਹਾਂ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ।' ਨਵਜੋਤ ਕੌਰ ਸਿੱਧੂ ਨੇ ਕਿਹਾ, 'ਮੇਰੇ ਪਤੀ ਦਾ ਦਿਲ ਸਾਫ਼ ਹੈ ਅਤੇ ਉਸ ਦੀ ਟਿਪਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।' ਅਰੁਣਾ ਨੇ ਕਿਹਾ, 'ਕੈਪਟਨ ਅਮਰਿੰਦਰ ਸਿੰਘ ਨਿਰਵਿਵਾਦ ਆਗੂ ਹਨ। ਉਹ ਰਾਜ ਵਿਚ ਪਾਰਟੀ ਦੇ ਕੈਪਟਨ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਮੁੱਖ ਮੰਤਰੀ ਉਮੀਦਵਾਰ ਸਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੇ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ। ਇਸੇ ਤਰ੍ਹਾਂ ਰਾਹੁਲ ਗਾਂਧੀ ਪੂਰੀ ਕਾਂਗਰਸ ਦੇ ਕੈਪਟਨ ਹਨ। ਪਰ ਸਿੱਧੂ ਨੇ ਜੋ ਕਿਹਾ, ਉਹ ਮੰਦਭਾਗਾ ਹੈ।' ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਅੱਜ ਮੰਗ ਕੀਤੀ ਕਿ ਸਿੱਧੂ ਮੁੱਖ ਮੰਤਰੀ ਕੋਲੋਂ ਮਾਫ਼ੀ ਮੰਗਣ। ਉਨ੍ਹਾਂ ਸਿੱਧੂ ਨੂੰ ਯਾਦ ਦਿਵਾਇਆ ਕਿ ਉਹ ਕੋਈ ਕਾਮੇਡੀ ਸ਼ੋਅ ਨਹੀਂ ਚਲਾ ਰਹੇ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਵੀ ਸਿੱਧੂ 'ਤੇ ਹਮਲਾ ਜਾਰੀ ਰਖਦਿਆਂ ਕਿਹਾ ਕਿ ਮੁੱਖ ਮੰਤਰੀ ਬਾਰੇ ਸਿੱਧੂ ਦੇ ਤੇਵਰ ਅਤੇ ਸਰੀਰਕ ਹਾਵ-ਭਾਵ ਠੀਕ ਨਹੀਂ ਸਨ, ਉਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।  (ਪੀਟੀਆਈ)

Related Stories