ਨਵਜੋਤ ਸਿੰਘ ਸਿੱਧੂ ਨੂੰ 5 ਦਿਨਾਂ ਲਈ ਮੁਕੰਮਲ ਆਰਾਮ ਦੀ ਸਲਾਹ
ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5...
ਚੰਡੀਗੜ੍ਹ (ਸਸਸ) : ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5 ਦਿਨਾਂ ਤੱਕ ਮੁਕੰਮਲ ਆਰਾਮ ਕਰਨ ਦੀ ਸਲਾਹ ਦਿਤੀ ਹੈ। ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸਿੱਧੂ ਜੋ ਪਿਛਲੇ 17 ਦਿਨਾਂ ਤੋਂ ਚੋਣ ਮੁਹਿੰਮ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਲਗਾਤਾਰ 70 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਨਾਲ ਉਨ੍ਹਾਂ ਦੀਆਂ ਵੋਕਲ ਕੌਰਡਜ਼ 'ਤੇ ਮਾੜਾ ਪ੍ਰਭਾਵ ਪਿਆ।
ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਵੋਕਲ ਕੌਰਡਜ਼ 'ਤੇ ਮਾੜਾ ਪ੍ਰਭਾਵ ਨਾਲ ਉਨ੍ਹਾਂ ਦੀ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਡਾਕਟਰਾਂ ਵਲੋਂ ਸ. ਸਿੱਧੂ ਨੂੰ ਨੂੰ 3-5 ਦਿਨ ਦੇ ਮੁਕੰਮਲ ਆਰਾਮ ਦੀ ਸਲਾਹ ਦਿਤੀ ਗਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਸ. ਸਿੱਧੂ ਐਂਮਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਨ੍ਹਾਂ ਲਈ ਹਾਨੀਕਾਰਕ ਹੈ।
ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਾਰਨ ਉਹ ਡੀ.ਵੀ.ਟੀ. ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨ੍ਹਾਂ ਵਲੋਂ ਲੜੀਵਾਰ ਹੀਮਾਟੌਲੋਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ 'ਤੇ ਗਏ ਹਨ। ਉਨ੍ਹਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿਤੀਆਂ ਜਾ ਰਹੀਆਂ ਹਨ।