ਰਾਜ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ 'ਤੇ ਮੁਹਿੰਮ ਜਾਰੀ : ਕੈਬਨਿਟ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਤੇ ਮੁਹਿੰਮ ਜਾਰੀ ਹੈ..........

Rana Gurmeet Singh Sodhi and others during the launch of Anti Drug Campaign

ਫਿਰੋਜ਼ਪੁਰ : ਰਾਜ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਤੇ ਮੁਹਿੰਮ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਦੇ ਦੁਸ਼ ਪ੍ਰਭਾਵਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਡੈਪੋ ਤਹਿਤ ਪਿੰਡ-ਪਿੰਡ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉੱਥੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਵੇਚਣ ਵਾਲੇ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਗਰਵਾਲ ਕਾਲਜ ਆਫ਼ ਨਰਸਿੰਗ ਗੁਰੂਹਰਸਹਾਏ ਵਿਖੇ ਐਂਟੀ ਡਰੱਗ ਕੰਪੇਨ ਦੀ ਸ਼ੁਰੂਆਤ ਦੌਰਾਨ ਕਰਵਾਏ ਗਏ ਸਮਾਗਮ ਦੌਰਾਨ ਕੀਤਾ।

ਇਸ ਤੋਂ ਪਹਿਲਾ ਸਮਾਗਮ ਵਿਖੇ ਪਹੁੰਚਣ ਤੇ ਕਾਲਜ ਦੇ ਚੇਅਰਮੈਨ ਡਾ. ਪਵਨ ਅਗਰਵਾਲ ਨੇ ਕੈਬਨਿਟ ਮੰਤਰੀ ਦਾ ਕਾਲਜ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਐੱਸ.ਪੀ ਸ੍ਰ. ਪ੍ਰੀਤਮ ਸਿੰਘ, ਐੱਸ.ਡੀ.ਐੱਮ ਗੁਰੂਹਰਸਹਾਏ ਕੁਲਦੀਪ ਬਾਵਾ ਅਤੇ ਗੁਰੂ ਹਰਦੀਪ ਸਿੰਘ ਸੋਢੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਡੈਪੋ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਪਿੰਡਾਂ ਦੇ ਕਲਸਟਰ ਬਣਾ ਕੇ ਵਿਸ਼ੇਸ਼ ਸੈਮੀਨਾਰਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਾਲਜ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਵੀ ਐਂਟੀ ਡਰੱਗ ਮੁਹਿੰਮ ਦੀ ਸ਼ੁਰੂਆਤ ਕਰਨਾ ਸ਼ਲਾਘਾਯੋਗ ਕਦਮ ਹੈ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਡਾਪਟ ਕੀਤੇ ਗਏ 4 ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਰੈਲੀਆਂ ਅਤੇ ਸੈਮੀਨਾਰਾਂ ਰਾਹੀਂ ਜਾਗਰੂਕਤਾ ਲਿਆ ਕੇ ਤਿੰਨ ਮਹੀਨਿਆਂ ਅੰਦਰ ਨਸ਼ਾ ਮੁਕਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਜਾਵੇਗੀ। ਇਸ ਦੌਰਾਨ ਐੱਸ.ਐੱਸ.ਪੀ. ਪ੍ਰੀਤਮ ਨੇ ਵੀ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਲਈ ਇੱਕਜੁੱਟਤਾ ਨਾਲ ਮਿਲ ਕੇ ਨਸ਼ਾ ਵੇਚਣ ਵਾਲੇ ਅਨਸਰਾਂ ਦੀ ਸੂਚਨਾ ਪੁਲਿਸ ਤੱਕ ਪਹੁੰਚਾਉਣ। 

ਇਸ ਮੌਕੇ ਡੀ.ਐੱਸ.ਪੀ. ਜਸਬੀਰ ਸਿੰਘ, ਐੱਸ.ਐੱਮ.ਓ. ਡਾ. ਰਜਿੰਦਰ ਮਨਚੰਦਾ, ਪ੍ਰਿੰਸੀਪਲ ਅਗਰਵਾਲ ਨਰਸਿੰਗ ਕਾਲਜ ਮੈਡਮ ਜਗਦੀਪ ਕੌਰ, ਸਕੱਤਰ ਰੈੱਡ-ਕਮ ਨਵ ਨਿਯੁਕਤ ਓ.ਐੱਸ.ਡੀ. ਸ ਅਸ਼ੋਕ ਬਹਿਲ ਰਵੀ ਸ਼ਰਮਾ, ਵਿਕਰਮਜੀਤ ਸਿੰਘ ਬੇਦੀ, ਰਾਕੇਸ਼ ਕੁਮਾਰ ਬੱਗੀ, ਰਵੀ ਚਾਵਲਾ, ਰਾਜੂ ਸਾਈਂਆਵਾਲਾ, ਨਵਨੀਤ ਗਰਗ, ਹਰਦੀਪ ਸਿੰਘ, ਕਾਕਾ ਵੋਹਰਾ, ਲੱਕੀ ਮਾਨਕਟਾਲਾ, ਅਜੇ ਬੇਦੀ ਸਮੇਤ ਭਾਰੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ, ਸਟਾਫ ਮੈਂਬਰ ਅਤੇ ਹਲਕਾ ਨਿਵਾਸੀ ਵੀ ਮੌਜੂਦ ਸਨ।