ਭਾਜਪਾ ਅੱਗੇ ਝੁਕਣ ਲਈ ਬਾਦਲ ਬਣੇ ਅਕਾਲੀ ਦਲ ਦੀ ਮਜਬੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਵਾਸਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅੱਗੇ ਝੁਕਣ ਲਈ ਬਾਦਲ ਪਰਵਾਰ ਮਜਬੂਰੀ ਬਣ ਗਿਆ ਹੈ.................

Parkash Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਾਸਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅੱਗੇ ਝੁਕਣ ਲਈ ਬਾਦਲ ਪਰਵਾਰ ਮਜਬੂਰੀ ਬਣ ਗਿਆ ਹੈ। ਬਾਦਲਾਂ ਦੀਆਂ ਨਿਜੀ ਲੋੜਾਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਦੀ ਚੋਣ ਵਿਚ ਹਿੱਸਾ ਲੈਣ ਦੀ ਦਿਤੀ ਧਮਕੀ ਮੁੜਵੇਂ ਪੈਰੀਂ ਵਾਪਸ ਲੈਣੀ ਪੈ ਗਈ ਸੀ। ਰਾਜ ਸਭਾ ਵਿਚ ਡਿਪਟੀ ਚੇਅਰਪਰਸਨ ਦੀ ਚੋਣ ਵਿਚ ਪਈਆਂ ਵੋਟਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ.ਡੀ.ਏ.) ਦੇ ਉਮੀਦਵਾਰ ਦੇ ਹੱਕ ਵਿਚ ਭੁਗਤਦੇ ਹਨ।

ਐਨ.ਡੀ.ਏ. ਦੇ ਹਰੀਵੰਸ਼ ਨੇ ਅਪਣੇ ਵਿਰੋਧੀ ਉਮੀਦਵਾਰ ਤੋਂ 20 ਵੋਟਾਂ ਵੱਧ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਅਕਾਲੀ ਦਲ (ਬਾਦਲ) ਨੇ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਦੇ ਅਹੁਦੇ ਉਤੇ ਅਪਣਾ ਦਾਅਵਾ ਜਤਾਇਆ ਸੀ। ਦਲ ਵਲੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਡਿਪਟੀ ਚੇਅਰਪਰਸਨ ਦੇ ਅਹੁਦੇ ਲਈ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਕੁਮਾਰ ਗੁਜਰਾਲ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਸੀ ਜਿਸ ਨੂੰ ਕੇਂਦਰ ਵਿਚ ਹਾਕਮ ਭਾਈਵਾਲ ਪਾਰਟੀ ਨੇ ਨਾਮੰਨਜ਼ੂਰ ਕਰ ਦਿਤਾ ਸੀ। ਇਸ ਦੇ ਪ੍ਰਤੀਕਰਮ ਵਜੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ

ਇਕ ਮੀਟਿੰਗ ਵਿਚ ਚੋਣ ਅਮਲ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਲੈ ਲਿਆ ਗਿਆ ਸੀ। ਪਰ ਭਾਜਪਾ ਦੀ ਘੁਰੀ ਵੇਖ ਕੇ ਦਲ ਨੇ ਇਕਦਮ ਯੂ-ਟਰਨ ਲੈ ਲਿਆ। ਦਸਿਆ ਜਾ ਰਿਹਾ ਹੈ ਕਿ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਫ਼ਰਜ਼ੰਦ ਸੁਖਬੀਰ ਨੂੰ 'ਲਿਫ ਕੇ ਚੱਲਣ' ਦੀ ਨਸੀਹਤ ਦਾ ਫ਼ੋਨ ਕਰ ਦਿਤਾ ਸੀ। ਅਕਾਲੀ ਦਲ ਦੇ ਪੰਜਾਬ ਤੋਂ ਰਾਜ ਸਭਾ ਅਤੇ ਲੋਕ ਸਭਾ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ, ਰਣਜੀਤ ਸਿੰਘ ਬ੍ਰਹਮਪੁਰਾ, ਨਰੇਸ਼ ਗੁਜਰਾਲ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਡਿਪਟੀ ਚੇਅਰਪਰਸਨ ਦੀ ਚੋਣ ਵਿਚ ਹਿੱਸਾ

ਪਾਰਟੀ ਕਰ ਕੇ ਨਹੀਂ ਸਗੋਂ ਬਾਦਲ ਪਰਵਾਰ ਦੀਆਂ ਅਪਣੀਆਂ ਮਜਬੂਰੀਆਂ ਕਰ ਕੇ ਲੈਣਾ ਪਿਆ ਹੈ। ਦਲ ਦੇ ਮੂਹਰਲੀ ਕਤਾਰ ਦੇ ਨੇਤਾ ਇਹ ਮੰਨਦੇ ਹਨ ਕਿ ਪੰਜਾਬ ਵਿਚ ਚੋਣਾਂ ਲੜਨ ਲਈ ਭਾਜਪਾ ਨਾਲ ਗਠਜੋੜ ਦੀ ਜ਼ਰੂਰਤ ਨਹੀਂ ਹੈ। ਵਿਧਾਨ ਸਭਾ ਦੀਆਂ ਪਿਛਲੀਆਂ ਦੋ ਵਾਰ ਦੀਆਂ ਚੋਣਾਂ ਦਲ ਅਪਣੇ ਦਮ 'ਤੇ ਜਿੱਤਣ ਦਾ ਹੀਆ ਰਖਦਾ ਸੀ। ਸੂਤਰ ਇਹ ਵੀ ਦਸਦੇ ਹਨ ਕਿ ਭਾਜਪਾ ਨਾਲ ਅਣਬਣ ਹੋਣ ਦੀ ਸੂਰਤ ਵਿਚ ਬਾਦਲ ਪਰਵਾਰ ਨੂੰ ਅਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਹਰੀ ਝੰਡੀ ਵਾਲੀ ਕਾਰ  ਖੁਸਣ ਦਾ ਝੋਰਾ ਵੱਢ ਵੱਢ ਕੇ ਖਾਣ ਲੱਗ ਪੈਂਦਾ ਹੈ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਾਦਲ ਪਰਵਾਰ ਅਤੇ ਉਸ ਦਾ ਇਕ ਨਜ਼ਦੀਕੀ

ਰਿਸ਼ਤੇਦਾਰ ਹਾਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਅੱਖਾਂ ਫੇਰ ਜਾਣ' ਤੋਂ ਭੈਅ ਖਾਂਦੇ ਹਨ ਅਤੇ ਇਸ ਔਖ ਦੀ ਘੜੀ ਵਿਚ ਕੇਂਦਰੀ ਗ੍ਰਹਿ ਮੰਤਰਾਲਾ ਹੀ ਉਨ੍ਹਾਂ ਦੇ ਸਹਾਈ ਸਿੱਧ ਹੋ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੇ ਮੋਹਰਲੀ ਕਤਾਰ ਦੇ ਨੇਤਾ ਅਤੇ ਇਕ ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਅਕਾਲੀ ਦਲ ਨਾਲ ਰਲ ਕੇ ਚੱਲਣ ਦੀਆਂ ਸਖ਼ਤ ਹਦਾਇਤਾਂ ਹਨ ਵਰਨਾ ਪੰਜਾਬ ਵਿਚ ਅਕਾਲੀਆਂ 'ਚੋਂ ਕੁੱਝ ਕੁ ਦਾ ਜੋ ਮਾਫ਼ੀਆ ਵਾਲਾ ਅਕਸ ਹੈ, ਉਸ ਕਰ ਕੇ ਨਾਲ ਤੁਰਨਾ ਔਖਾ ਹੀ ਨਹੀਂ ਸਗੋਂ ਵੋਟਾਂ ਨੂੰ ਖੋਰਾ ਵੀ ਲੱਗ ਰਿਹਾ ਹੈ।

Related Stories