ਆਰਥਿਕ ਮੰਦਹਾਲੀ ਨਾਲ ਜੂਝ ਰਿਹੈ ਕੌਮਾਂਤਰੀ ਖਿਡਾਰੀ ਸਤਨਾਮ ਸਿੰਘ ਭੰਮਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਸਮੇਂ ਅਮਰੀਕਾ ਵਰਗੇ ਦੇਸ਼ ਦੀ ਟੀਮ ਵਿਚ ਖੇਡਣ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਸਰਕਾਰਾਂ ਅਤੇ ਖੇਡ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੋ ...

Satnam Singh Bhamra Wtih Your Father

ਬਰਨਾਲਾ : ਕਿਸੇ ਸਮੇਂ ਅਮਰੀਕਾ ਵਰਗੇ ਦੇਸ਼ ਦੀ ਟੀਮ ਵਿਚ ਖੇਡਣ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਸਰਕਾਰਾਂ ਅਤੇ ਖੇਡ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ....ਵਿਦੇਸ਼ਾਂ ਵਿਚੋਂ ਉਸ ਨੂੰ ਕਾਫ਼ੀ ਮਾਣ ਸਨਮਾਨ ਹਾਸਲ ਹੋਏ ਪਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਉਸ ਨੂੰ ਅਜਿਹਾ ਕੋਈ ਵੀ ਮਾਣ ਸਨਮਾਨ ਨਹੀਂ ਦਿਤਾ ਗਿਆ, ਜਿਸ ਨਾਲ ਉਸ ਦੀ ਹੌਂਸਲਾ ਅਫ਼ਜ਼ਾਈ ਹੋ ਸਕੇ। 

ਦਸਵੀਂ ਪੜ੍ਹਿਆ ਹੋਣ ਕਰਕੇ ਉਸ ਨੇ ਕਦੇ ਵੀ ਸਰਕਾਰ ਕੋਲੋਂ ਨੌਕਰੀ ਦੀ ਮੰਗ ਨਹੀਂ ਕੀਤੀ ਪਰ ਹੈਰਾਨੀ ਦੀ ਗੱਲ ਹੈ ਕਿ ਕਦੇ ਸਰਕਾਰਾਂ ਨੇ ਵੀ ਇਸ ਪ੍ਰਤਿਭਾਸ਼ਾਲੀ ਖਿਡਾਰੀ ਦੀ ਕਦੇ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਸਕਟਬਾਲ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਸਤਨਾਮ ਸਿੰਘ ਅੱਜ ਵੀ ਅਪਣੀ ਖੇਡ ਜਾਰੀ ਰੱਖਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ।

ਉਹ ਭਾਰਤ ਦਾ ਪਹਿਲਾ ਅਜਿਹਾ ਬਾਸਕਟਬਾਲ ਖਿਡਾਰੀ ਹੈ, ਜਿਸ ਨੂੰ ਅਪ੍ਰੈਲ 2015 ਵਿਚ ਅਮਰੀਕਾ ਦੀ ਵੱਕਾਰੀ ਖੇਡ ਸੰਸਥਾ ਐਨਬੀਏ ਲਈ ਚੁਣਿਆ ਗਿਆ ਸੀ... ਹੈਰਾਨੀ ਦੀ ਗੱਲ ਇਹ ਹੈ ਕਿ 7 ਫੁੱਟ 2 ਕੱਦ ਵਾਲਾ ਇਹ ਉਚਾ ਲੰਮਾ ਗੱਭਰੂ ਕਿਸੇ ਪੜ੍ਹਾਈ ਦੇ ਬੇਸ 'ਤੇ ਨਹੀਂ ਬਲਕਿ ਅਪਣੇ ਖੇਡ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ।

10 ਦਸੰਬਰ 1995 ਨੂੰ ਬਰਨਾਲਾ ਦੇ ਪਿੰਡ ਬੱਲੋਕੇ ਵਿਖੇ ਜਨਮਿਆ ਇਹ ਨੌਜਵਾਨ ਪਹਿਲਾਂ ਭਾਰਤੀ ਟੀਮ ਵਿਚ ਵੀ ਖੇਡ ਚੁੱਕਿਆ ਹੈ...ਇਸ ਤੋਂ ਬਾਅਦ ਉਹ ਸਾਲ 2010 ਵਿਚ ਆਈਐਮਜੀ ਅਕੈਡਮੀ ਅਤੇ ਰਿਲਾਇੰਸ ਵਜ਼ੀਫ਼ਾ ਪ੍ਰੋਗਰਾਮ ਅਧੀਨ ਅਮਰੀਕਾ ਚਲਿਆ ਗਿਆ...ਜਿੱਥੇ ਉਸ ਨੇ ਆਈਐਮਜੀ ਅਕੈਡਮੀ ਵਲੋਂ ਖੇਡਦੇ ਹੋਏ ਅਜਿਹਾ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਕਿ ਪੂਰੀ ਦੁਨੀਆ ਉਸ ਦੀ ਫੈਨ ਹੋ ਗਈ। 2011 ਵਿਚ ਉਸ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਵਿਚ ਫੀਬਾ ਚੈਂਪੀਅਨਸ਼ਿਪ ਖੇਡੀ ਅਤੇ ਫਿਰ 2013 ਵਿਚ ਫੀਬਾ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ।

ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਵੱਡੇ-ਵੱਡੇ ਦਿੱਗਜ਼ ਖਿਡਾਰੀਆਂ ਨੇ ਸਤਨਾਮ ਦੀ ਖੇਡ ਨੂੰ ਸਰਾਹਿਆ.....ਟੀਵੀ ਚੈਨਲਾਂ, ਅਖ਼ਬਾਰਾਂ ਨੇ ਉਸ ਦੀ ਖੇਡ ਬਾਰੇ ਕਾਫ਼ੀ ਕੁੱਝ ਲਿਖਿਆ, ਉਸ 'ਤੇ ਡਾਕੁਮੈਂਟਰੀ ਫਿਲਮ 'ਵਨ ਆਫ਼ ਦਿ ਬਿਲੀਅਨ' ਭਾਵ ਕਿ ਕਰੋੜਾਂ ਵਿਚੋਂ ਇਕ ਵੀ ਬਣਾਈ ਗਈ....ਪਰ ਅੱਜ ਜਦੋਂ ਐਨਬੀਏ ਨਾਲੋਂ ਇਸ ਖਿਡਾਰੀ ਦਾ ਕੰਟਰੈਕਟ ਖ਼ਤਮ ਹੋ ਗਿਆ ਹੈ ਅਤੇ ਉਹ ਅਮਰੀਕਾ ਤੋਂ ਵਾਪਸ ਭਾਰਤ ਆ ਗਿਆ ਹੈ ਤਾਂ ਉਸ ਨੂੰ ਜਿੱਥੇ ਖੇਡ ਸਹੂਲਤਾਂ ਦੀ ਘਾਟ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉਥੇ ਹੀ ਉਹ ਆਰਥਿਕ ਤੰਗੀ ਨਾਲ ਵੀ ਜੂਝ ਰਿਹਾ ਹੈ। 

ਹੈਰਾਨੀ ਇਸ ਗੱਲ ਦੀ ਹੈ ਕਿ ਇਕ ਪਾਸੇ ਤਾਂ ਸਰਕਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਢਿੰਡੋਰਾ ਪਿੱਟ ਰਹੀਆਂ ਹਨ ਪਰ ਦੂਜੇ ਪਾਸੇ ਕੌਮਾਂਤਰੀ ਪੱਧਰ ਦਾ ਇਹ ਖਿਡਾਰੀ ਸਰਕਾਰਾਂ ਦੀ ਅਣਦੇਖੀ ਕਾਰਨ ਦੋ ਵਕਤ ਦੀ ਰੋਟੀ ਤੋਂ ਵੀ ਲਾਚਾਰ ਹੁੰਦਾ ਨਜ਼ਰ ਆ ਰਿਹਾ ਹੈ... ਕੀ ਇਹੀ ਹੈ ਸਰਕਾਰਾਂ ਦੀ ਖੇਡ ਨੀਤੀ?

Related Stories