ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਹੀਂ ਹੋਵੇਗਾ ਗਠਜੋੜ : ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਪੰਜਾਬ ਵਿਚ ਕਿਸੇ........

Arvind Kejriwal

ਬਠਿੰਡਾ : ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਪੰਜਾਬ ਵਿਚ ਕਿਸੇ ਹੋਰ ਪਾਰਟੀ ਨਾਲ ਚੋਣ ਗਠਜੋੜ ਨਹੀਂ ਕਰੇਗੀ। ਇਥੇ ਇਕ ਪਾਰਟੀ ਵਿਧਾਇਕਾ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ 'ਆਪ' ਨੂੰ ਪਸੰਦ ਕਰਦੇ ਹਨ ਤੇ ਪਾਰਟੀ ਤੀਜਾ ਬਦਲ ਦੇਵੇਗੀ। ਉਨ੍ਹਾਂ ਇਹ ਵੀ ਭਰੋਸਾ ਜ਼ਾਹਰ ਕੀਤਾ ਕਿ ਪਾਰਟੀ ਅੰਦਰ ਕੋਈ ਫੁੱਟ ਨਹੀਂ ਤੇ ਜਲਦੀ ਹੀ ਸਭ ਮਿਲ ਕੇ ਕੰਮ ਕਰਨਗੇ।

ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਉਪਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾ ਬੰਦ ਨਹੀਂ ਹੋਇਆ।  ਬਰਗਾੜੀ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਵਿਰੁਧ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਦੋਸ਼ੀਆਂ 'ਤੇ ਕਾਰਵਾਈ ਦੀ ਸਿਫ਼ਾਰਸ਼ ਦੇ ਬਾਵਜੂਦ ਕੈਪਟਨ ਸਰਕਾਰ ਉਨਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਨੇ ਕੈਪਟਨ ਅਤੇ ਬਾਦਲਾਂ ਉਪਰ ਰਲੇ ਹੋਣ ਦਾ ਵੀ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਬੇਅਦਬੀ ਕਾਂਡ ਵਿਚ ਜਾਣਬੁੱਝ ਕੇ ਵਿਰੋਧੀਆਂ ਨੂੰ ਫਸਾਇਆ ਗਿਆ। ਸ਼੍ਰੀ ਕੇਜਰੀਵਾਲ ਨੇ ਆਪ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੇ ਮਾਮਲੇ ਦਾ ਵੀ ਹਵਾਲਾ ਦਿੱਤਾ, ਜਿੰਨ੍ਹਾਂ ਵਿਰੁਧ ਮਲੇਰਕੋਟਲਾ ਦੇ ਕੁਰਾਨ ਸ਼ਰੀਫ਼ 'ਚ ਕੇਸ ਦਰਜ਼ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ, ਐਮ.ਪੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ। 

ਆਪ ਆਗੂਆਂ ਨੇ ਸਰਕਟ ਹਾਊਸ 'ਚ ਕੀਤਾ ਇਕੱਠ
ਬਠਿੰਡਾ: ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਗਮ ਦੌਰਾਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦੇ ਦਰਜਨਾਂ ਆਗੂਆਂ ਨੇ ਸਰਕਟ ਹਾਊਸ ਸੱਦ ਕੇ ਉਨ੍ਹਾਂ ਨਾਲ ਪਾਰਟੀ ਵਿਸ਼ਿਆਂ ਉਪਰ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਵਿਆਹ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਤੇ ਮਾਲਵਾ ਜ਼ੋਨ ਨਾਲ ਸਬੰਧਤ ਕਈ ਆਗੂਆਂ ਸਹਿਤ ਹੇਠਲੇ ਵਰਕਰਾਂ ਨੂੰ ਨਹੀਂ ਸੱਦਿਆ ਹੋਇਆ ਸੀ। 

Related Stories