ਸਾਵਧਾਨ! ਪੰਜਾਬ 'ਚ ਪਾਰਾ ਹੋਰ ਵਧੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਛਮੀ ਗੜਬੜੀ ਦੀ ਮਿਹਰਬਾਨੀ ਰਹੀ ਤਾਂ ਮੀਂਹ ਪਵੇਗਾ, ਨਹੀਂ ਤਾਂ ਮਾਨਸੂਨ ਜੁਲਾਈ 'ਚ ਦੇਵੇਗਾ ਦਸਤਕ

Temperature in Punjab will be increase

ਲੁਧਿਆਣਾ : ਇਸ ਵੇਲੇ ਪੰਜਾਬ ਸਮੇਤ ਪੂਰਾ ਉਤਰੀ ਭਾਰਤ ਮਾਨਸੂਨ ਦੀ ਅੱਡੀਆਂ ਚੁੱਕ-ਚੁੱਕ ਕੇ ਉਡੀਕ ਕਰ ਰਿਹਾ ਹੈ। ਭਾਵੇਂ ਗੁਜਰਾਤ ਉਪਰ 'ਵਾਯੂ' ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ ਪਰ ਪੰਜਾਬ ਵਾਸੀ ਭਾਰੀ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਬੇਸ਼ੱਕ ਬੀਤੇ ਦਿਨ ਪੰਜਾਬ ਅਤੇ ਇਸ ਦੇ ਨਾਲ ਲਗਦੇ ਕਈ ਹਿੱਸਿਆਂ 'ਚ  ਤੇਜ਼ ਹਵਾਵਾਂ ਚੱਲੀਆਂ, ਕਈ ਥਾਈਂ ਗੜੇ ਪਏ ਤੇ ਪਿਛੋਂ ਛਮਛਮ ਹੋਈ ਮਾਮੂਲੀ ਬਰਸਾਤ ਨੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿਤੀ। ਕਈ ਥਾਵਾਂ 'ਤੇ ਦਰੱਖ਼ਤ ਟੁੱਟੇ ਤੇ ਹਨੇਰੀ ਨੇ ਸੂਬੇ 'ਚ ਇਕ ਜਾਨ ਵੀ ਲੈ ਲਈ।

ਕਈ ਲੋਕਾਂ ਨੂੰ ਭੁਲੇਖਾ ਹੈ ਕਿ ਸ਼ਾਇਦ ਮਾਨਸੂਨ ਆ ਗਈ ਤੇ ਹੁਣ ਰੋਜ਼ਾਨਾ ਮੀਂਹ ਆਇਆ ਕਰੇਗਾ ਪਰ ਉਹ ਲੋਕ ਗ਼ਲਤ ਸੋਚ ਰਹੇ ਹਨ ਕਿਉਂਕਿ ਮਾਨਸੂਨ ਅਜੇ ਪੰਜਾਬ ਤੋਂ ਬਹੁਤ ਦੂਰ ਹੈ। ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਮਾਨਸੂਨ ਪੂਰੀ ਤਰ੍ਹਾਂ ਸੂਬੇ 'ਚ ਸਰਗਰਮ ਜੁਲਾਈ 'ਚ ਹੀ ਹੋਵੇਗਾ। ਬੀਤੇ ਦਿਨ ਜੋ ਪੰਜਾਬ ਅੰਦਰ ਥੋੜ੍ਹਾ ਮੋਟਾ ਮੀਂਹ ਪਿਆ ਉਹ ਪੱਤਮੀ ਗੜਬੜੀ ਕਾਰਨ ਪਿਆ। ਆਉਣ ਵਾਲੇ ਦਿਨ ਪੰਜਾਬ ਵਾਸੀਆਂ ਨੂੰ ਹੋਰ ਵੀ ਤੰਗ ਕਰਨ ਵਾਲੇ ਹਨ। ਕੇਵਲ 24 ਘੰਟੇ ਹੀ ਮੌਸਮ ਠੰਢਕ ਵਾਲਾ ਤੇ ਆਮ ਰਹੇਗਾ ਤੇ ਉਸ ਤੋਂ ਬਾਅਦ ਪਾਰਾ ਉਸੇ ਤਰ੍ਹਾਂ ਵਧੇਗਾ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਵਧਿਆ ਸੀ।

ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਲੋਅ ਪ੍ਰੈਸ਼ਰ ਹੋਣ ਕਾਰਨ ਪਾਰੇ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 24 ਘੰਟਿਆਂ ਤਕ ਮੌਸਮ ਅਜਿਹਾ ਹੀ ਰਹੇਗਾ ਪਰ ਇਸ ਦਾ ਅਸਰ ਜ਼ਰੂਰ ਘੱਟ ਹੋ ਜਾਵੇਗਾ ਅਤੇ 24 ਘੰਟਿਆਂ ਬਾਅਦ ਮੁੜ ਪਾਰਾ ਵਧੇਗਾ ਅਤੇ ਮੌਸਮ ਸਾਫ਼ ਹੋ ਜਾਵੇਗਾ। ਆਉਣ ਵਾਲੇ ਦਿਨਾਂ 'ਚ ਪੰਜਾਬ ਵਾਸੀਆਂ ਨੂੰ ਅਸਮਾਨ 'ਤੇ ਬੱਦਲਾਂ ਦੇ ਦਰਸ਼ਨ ਨਹੀਂ ਹੋਣਗੇ ਅਤੇ ਅਕਾਸ਼ ਸਾਫ਼ ਹੋਵੇਗਾ। ਇਸ ਦਾ ਅਰਥ ਇਹ ਹੋਇਆ ਕਿ ਪਿੰਡੇ ਨੂੰ ਉਧੇੜਨ ਵਾਲੀ ਧੁੱਪ ਹਰ ਇਕ ਜਾਨ ਨੂੰ ਤੰਗ ਕਰੇਗੀ। ਇਸ ਲਈ ਆਉਣ ਵਾਲੇ ਦਿਨਾਂ ਦੀ ਤਿਆਰੀ ਪਹਿਲਾਂ ਹੀ ਰਖਣੀ ਚਾਹੀਦੀ ਹੈ।