...ਤੇ ਹੁਣ ਵਿਧਾਇਕਾ ਬੀਬੀ ਦੀ ਜਗ੍ਹਾ ਉਸ ਦਾ ਪਤੀ ਕਰਦੈ ਜੇਲ ਦਾ ਦੌਰਾ
ਸੱਤਾ ਵਿਚ ਕੈਪਟਨ ਸਰਕਾਰ ਆਇਆ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ..............
ਫ਼ਿਰੋਜ਼ਪੁਰ: ਸੱਤਾ ਵਿਚ ਕੈਪਟਨ ਸਰਕਾਰ ਆਇਆ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ। ਇਕ ਪਾਸੇ ਜਿਥੇ ਕੈਪਟਨ ਸਰਕਾਰ ਦੇ ਵਲੋਂ ਵੀਪੀਆਈ ਕਲਚਰ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਵਿਧਾਇਕਾਂ ਤੋਂ ਇਲਾਵਾ ਕਾਂਗਰਸੀ ਫੀਲਿਆਂ ਅਤੇ ਮੰਤਰੀਆਂ ਦੇ ਨਜ਼ਦੀਕੀਆਂ ਵਲੋਂ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਵੀਪੀਆਈ ਕਲਚਰ ਜਾਰੀ ਰਖਿਆ ਹੈ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਕੇਂਦਰੀ ਜੇਲ ਦਾ ਸਾਹਮਣੇ ਆਇਆ ਹੈ। ਜਿਥੇ ਕੇਂਦਰੀ ਜੇਲ ਫ਼ਿਰੋਜ਼ਪੁਰ 'ਚ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਜਗ੍ਹਾ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਜੇਲ ਦਾ ਦੌਰਾ ਕੀਤਾ।
ਕੇਂਦਰੀ ਜੇਲ ਦਾ ਦੌਰਾ ਕਰਨ ਪੁੱਜੇ ਵਿਧਾਇਕ ਦੇ ਪਤੀ ਨੂੰ ਜੇਲ ਪ੍ਰਸ਼ਾਸਨ ਨੇ ਵੀ ਸਵਾਲ ਕਰਨੇ ਜ਼ਰੂਰੀ ਨਹੀਂ ਸਮਝੇ, ਪਰ ਉਕਤ ਦੌਰੇ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਫ਼ੋਟੋਆਂ ਨੇ ਇਲਾਕੇ ਵਿਚ ਹੜਕਪ ਮਚਾ ਦਿਤਾ। ਜਦੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਦਸਿਆ ਕਿ ਜੇਲ ਸੁਪਰਡੈਂਟ ਵਲੋਂ ਵਿਧਾਇਕਾ ਦੇ ਪਤੀ ਨੂੰ ਜੇਲ ਦਾ ਦੌਰਾ ਕਰਵਾਇਆ ਗਿਆ, ਉਸ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਜੇਲ ਅਧਿਕਾਰੀ ਜਾਂ ਮੁਲਾਜ਼ਮ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਦੱਸ ਦਈਏ ਕਿ ਭਾਵੇਂ ਵਿਧਾਇਕਾ ਦੇ ਪਤੀ ਵਲੋਂ ਜੇਲ ਦੇ ਅੰਦਰ ਦੌਰਾ ਕਰਨਾ ਸੱਭ ਕੁੱਝ ਬੰਦ ਕਮਰਿਆਂ ਵਿਚ ਰਹਿਣ ਵਾਲੇ ਅਧਿਕਾਰੀਆਂ ਦੀ ਸਹਿਮਤੀ ਨਾਲ ਹੋ ਰਿਹਾ ਸੀ, ਪਰ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ ਦਾ ਦੌਰਾ ਕਰਨ ਤੋਂ ਉਠੇ ਸਵਾਲਾਂ ਵਿਚ ਘਿਰੇ ਵਿਧਾਇਕਾ ਦੇ ਪਤੀ ਜਿਥੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ, ਉਥੇ ਏ.ਡੀ.ਸੀ ਵਲੋਂ ਜਾਂਚ ਦੇ ਨਿਰਦੇਸ਼ ਜਾਰੀ ਕਰ ਦਿਤੇ ਹਨ।
ਦਸਣਯੋਗ ਹੈ ਕਿ ਮਰਦ ਪ੍ਰਧਾਨ ਦੇਸ਼ ਭਾਰਤ ਵਿਚ ਭਾਵੇਂ ਕਿੰਨੀਆਂ ਵੀ ਕੋਸ਼ਿਸ਼ਾਂ ਕਰਕੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਇਹ ਯਤਨ ਸਭ ਫੇਲ ਜਾਪ ਰਹੇ ਹਨ, ਕਿਉਂਕਿ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦਾ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਜਿਥੇ ਐਮ.ਐਲ.ਏ. ਵਾਲੀ ਸਕਿਊਰਟੀ ਲੈ ਕੇ ਘੁੰਮਦਾ ਅਕਸਰ ਦੇਖਿਆ ਜਾ ਸਕਦਾ ਹੈ, ਉਥੇ ਵਿਧਾਇਕਾ ਦੀ ਬਜਾਏ ਉਨ੍ਹਾਂ ਦਾ ਪਤੀ ਹੀ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ ਸ਼ਿਰਕਤ ਕਰਦਾ ਹੈ। ਜਸਮੇਲ ਸਿੰਘ ਲਾਡੀ ਗਹਿਰੀ ਨੇ ਸਪੱਸ਼ਟ ਕੀਤਾ ਕਿ ਉਹ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੀ ਕੰਮ ਕਰਦੇ ਹਨ।
ਦੂਜੇ ਪਾਸੇ ਜੇਲ੍ਹ ਵਿਚ ਵਿਧਾਇਕਾ ਦੇ ਪਤੀ ਦਾ ਦੌਰਾ ਕਰਵਾਉਣ ਤੋਂ ਬਾਅਦ ਜਨਤਕ ਹੋਈਆਂ ਫੋਟੋਆਂ ਜੇਲ ਸੁਪਰਡੈਂਟ ਨੇ ਮੰਨਿਆ ਕਿ ਵਿਧਾਇਕਾ ਦੇ ਪਤੀ ਨੂੰ ਜੇਲ ਦਾ ਦੌਰਾ ਕਰਵਾਇਆ ਗਿਆ। ਉਸ ਪਿਛੇ ਸਿਰਫ ਮਕਸਦ ਇਹ ਸੀ ਕਿ ਜੇਲ੍ਹ ਵਿਚ ਆਰ ਓ ਸਿਸਟਮ ਅਤੇ ਇੰਟਰਲੋਕਿੰਗ ਟਾਈਲਾਂ ਲਗਵਾਉਣ ਲਈ ਫੰਡ ਦੀ ਮੰਗ ਸੀ ਜਿਸ ਕਾਰਨ ਵਿਧਾਇਕ ਦੇ ਪਤੀ ਨੂੰ ਜੇਲ੍ਹ ਦੇ ਅੰਦਰ ਸਾਥੀਆਂ ਦੇ ਨਾਲ ਜਗ੍ਹਾਂ ਦਾ ਮੁਆਇਨਾ ਕਰਵਾਇਆ ਗਿਆ। ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਨਿਯਮਾਂ ਨੂੰ ਤਾਗ 'ਤੇ ਰੱਖਣ ਵਾਲੇ ਜੇਲ ਅਧਿਕਾਰੀਆਂ ਸਮੇਤ ਵਿਧਾਇਕ ਦੇ ਪਤੀ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।