ਅਕਾਲੀ ਦਲ ਨੂੰ ਵੱਡੀ ਰਾਹਤ, ਹਾਈਕੋਰਟ ਵਲੋਂ ਫਰੀਦਕੋਟ 'ਚ ਰੈਲੀ ਕਰਨ ਦੀ ਮਨਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਵਿਖੇ 16 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਲੈ ਕੇ ਵਲੋਂ ਅਕਾਲੀ ਦਲ ਨੂੰ ਵੱਡੀ ਰਾਹਤ ਦਿਤੀ...

Sukhbir Badal and Parkash Singh Badal

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਵਿਖੇ 16 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਲੈ ਕੇ ਵਲੋਂ ਅਕਾਲੀ ਦਲ ਨੂੰ ਵੱਡੀ ਰਾਹਤ ਦਿਤੀ ਹੈ। ਹਾਈਕੋਰਟ ਨੇ ਅਕਾਲੀ ਦਲ ਨੂੰ ਇਸ ਰੈਲੀ ਨੂੰ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ, ਜਿਸ 'ਤੇ ਪੰਜਾਬ ਸਰਕਾਰ ਨੇ ਰੋਕ ਲਗਾ ਦਿਤੀ ਸੀ। ਦਸ ਦਈਏ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਬੁਰੀ ਤਰ੍ਹਾਂ ਫਸੇ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿਖੇ ਜੋ 16 ਸਤੰਬਰ ਨੂੰ ਰੈਲੀ ਕਰਨੀ ਸੀ, ਉਸ 'ਤੇ ਸਥਾਨਕ ਪ੍ਰਸ਼ਾਸਨ ਨੇ ਰੋਕ ਲਗਾ ਦਿਤੀ ਸੀ।

ਇਹ ਰੈਲੀ ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ 16 ਸਤੰਬਰ 2018 ਦਿਨ ਐਤਵਾਰ ਨੂੰ ਕੀਤੀ ਜਾਵੇਗੀ। ਇਸ ਰੈਲੀ ਵਿਚ ਅਕਾਲੀਆਂ ਵਲੋਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਗੱਲ ਆਖੀ ਜਾ ਰਹੀ ਹੈ। ਉਪ ਮੰਡਲ ਮੈਜਿਸਟ੍ਰੇਟ ਫਰੀਦਕੋਟ ਵਲੋਂ ਲਿਖਤੀ ਤੌਰ 'ਤੇ ਪਾਰਟੀ ਦੇ ਮੁੱਖ ਬੁਲਾਰੇ ਪਰਮ ਬੰਸ ਸਿੰਘ ਬੰਟੀ ਰੋਮਾਣਾ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ।

ਪ੍ਰਸ਼ਾਸਨ ਨੇ ਰੋਮਾਣਾ ਨੂੰ ਦਸਿਆ ਸੀ ਕਿ ਖ਼ੁਫ਼ੀਆ ਰੀਪੋਰਟਾਂ ਮੁਤਾਬਕ ਅਕਾਲੀ ਦੇ ਵਰਕਰਾਂ ਅਤੇ ਗਰਮ ਖ਼ਿਆਲੀ ਸਿੱਖਾਂ ਵਿਚਕਾਰ ਰੈਲੀ ਦੌਰਾਨ ਤਣਾਅ ਅਤੇ ਝਗੜਾ ਹੋਣ ਦਾ ਖ਼ਦਸ਼ਾ ਹੈ, ਇਸ ਕਰਕੇ ਅਕਾਲੀ ਦਲ ਨੂੰ ਇੱਥੇ ਇਹ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਇਹ ਰੈਲੀ ਕੋਟਕਪੂਰਾ ਵਿਚ 15 ਸਤੰਬਰ ਨੂੰ ਕੀਤੀ ਜਾਣੀ ਸੀ ਪਰ ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੇ ਇਸ ਰੈਲੀ ਲਈ ਜਗ੍ਹਾ ਅਤੇ ਤਰੀਕ ਦੋਵੇਂ ਬਦਲ ਦਿਤੇ ਸਨ।  ਇਸ ਦੇ ਬਾਵਜੂਦ ਸਿੱਖ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਅਕਾਲੀ ਦਲ ਦੀ ਇਸ ਰੈਲੀ 'ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ 'ਤੇ ਸਰਕਾਰ ਨੇ ਰੋਕ ਲਗਾ ਦਿਤੀ ਸੀ ਪਰ ਅੱਜ ਹਾਈਕੋਰਟ ਨੇ ਇਸ ਰੈਲੀ ਨੂੰ ਕਰਨ ਦੀ ਇਜਾਜ਼ਤ ਦੇ ਦਿਤੀ ਹੈ। 

ਦਸ ਦਈਏ ਕਿ ਅਕਾਲੀ ਦਲ ਨੇ ਫਰੀਦਕੋਟ ਵਿਚ 'ਪੋਲ ਖੋਲ ਰੈਲੀ' 'ਤੇ ਪ੍ਰਸ਼ਾਸਨ ਵਲੋਂ ਰੋਕ ਲਗਾਉਣ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ 'ਤੇ ਅਦਾਲਤ ਨੇ ਪਟੀਸ਼ਨ ਦੀ ਸੁਣਵਾਈ ਸ਼ਨੀਵਾਰ 10 ਵਜੇ ਕਰਨ ਦੀ ਗੱਲ ਆਖੀ ਸੀ ਪਰ ਹੁਣ ਇਸ 'ਤੇ ਫ਼ੈਸਲਾ ਆ ਗਿਆ ਹੈ, ਜਿਸ ਵਿਚ ਅਕਾਲੀ ਦਲ ਨੂੰ ਵੱਡੀ ਰਾਹਤ ਮਿਲ ਗਈ ਹੈ। 

Related Stories