ਫੈਕਟਰੀ ‘ਚ ਕੰਮ ਕਰ ਰਹੀ ਔਰਤ ਦਾ ਸ਼ਾਲ ਮਸ਼ੀਨ ‘ਚ ਫਸਣ ਕਾਰਨ ਵਾਪਰਿਆ ਭਿਆਨਕ ਹਾਦਸਾ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੂਲਨ ਮਿਲ ਵਿਚ ਮਸ਼ੀਨ ਦੇ ਪੱਟੇ ਵਿਚ ਬਜ਼ੁਰਗ ਮਹਿਲਾ ਵਰਕਰ ਦਾ ਸ਼ਾਲ ਫਸ ਗਿਆ। ਔਰਤ ਦੀ ਗਰਦਨ ਉਸ ਵਿਚ ਫਸ ਗਈ...

Accident in Factory

ਲੁਧਿਆਣਾ (ਸਸਸ) : ਵੂਲਨ ਮਿਲ ਵਿਚ ਮਸ਼ੀਨ ਦੇ ਪੱਟੇ ਵਿਚ ਬਜ਼ੁਰਗ ਮਹਿਲਾ ਵਰਕਰ ਦਾ ਸ਼ਾਲ ਫਸ ਗਿਆ। ਔਰਤ ਦੀ ਗਰਦਨ ਉਸ ਵਿਚ ਫਸ ਗਈ ਅਤੇ ਸਿਰ ਕੱਟ ਕੇ ਧੜ ਤੋਂ ਵੱਖ ਹੋ ਗਈ। ਬਜ਼ੁਰਗ ਔਰਤ ਦੇ ਘਰਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਪਹਿਲਾਂ ਫੈਕਟਰੀ ਪ੍ਰਬੰਧਕਾਂ ਵਲੋਂ ਮਾਮਲਾ ਦਬਾਉਣ ਨੂੰ ਅਤੇ ਔਰਤ ਨੂੰ ਮਾਮੂਲੀ ਸੱਟਾਂ ਲੱਗਣ ਦੀ ਗੱਲ ਕਹੀ ਗਈ ਪਰ ਜਦੋਂ ਉਹ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਫੈਕਟਰੀ ਦੇ ਅੰਦਰ ਨਹੀਂ ਜਾਣ ਦਿਤਾ ਗਿਆ।

ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਮੇਹਰਬਾਨ ਦੇ ਐਸਐਚਓ ਦਵਿੰਦਰ ਸ਼ਰਮਾ ਮੌਕੇ ‘ਤੇ ਪਹੁੰਚੇ। ਔਰਤ ਦਾ ਨਾਮ ਮਨਜੀਤ ਕੌਰ (55) ਸੀ।  ਥਾਣਾ ਮੇਹਰਬਾਨ ਪੁਲਿਸ ਨੇ ਮਨਜੀਤ ਦੇ ਬੇਟੇ ਦੇ ਬਿਆਨ ਉਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ, ਮਨਜੀਤ ਕੌਰ ਪਿਛਲੇ 4 ਸਾਲਾਂ ਤੋਂ ਸੀੜਾ ਰੋਡ ਸਥਿਤ ਯੰਗਸਟਾਰ ਵੂਲਨ ਮਿਲ ਵਿਚ ਨੌਕਰੀ ਕਰਦੀ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਸ਼ੁੱਕਰਵਾਰ ਸਵੇਰੇ 8 ਵਜੇ ਫੈਕਟਰੀ ਚਲੀ ਗਈ।

ਫੈਕਟਰੀ ਵਿਚ ਕੰਮ ਕਰਦੇ ਸਮੇਂ ਅਚਾਨਕ ਉਸ ਦਾ ਸ਼ਾਲ ਕੰਬਲ ਬਣਾਉਣ ਵਾਲੀ ਮਸ਼ੀਨ ਦੇ ਪੱਟੇ ਵਿਚ ਫਸ ਗਿਆ। ਸ਼ਾਲ ਖਿੱਚਣ ਨਾਲ ਉਸ ਦੀ ਗਰਦਨ ਪੱਟੇ ਵਿਚ ਫਸ ਗਈ ਅਤੇ ਕੱਟ ਕੇ ਵੱਖ ਹੋ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨਜੀਤ ਦੇ ਪਤੀ ਮਹਿੰਗਾ ਸਿੰਘ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ  6 ਬੱਚੇ ਹਨ। ਪੰਜ ਬੇਟੀਆਂ ਅਤੇ ਇਕ ਪੁੱਤਰ ਹੈ। ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਇਸ ਕਾਰਨ ਘਰ ਚਲਾਉਣ ਦਾ ਸਾਰਾ ਭਾਰ ਇਕਲੌਤੇ ਬੇਟੇ ਦੇ ਮੋਢਿਆਂ ਉਤੇ ਸੀ।

ਇਸ ਦੇ ਚਲਦੇ ਮਨਜੀਤ ਨੇ ਖ਼ੁਦ ਕੰਮ ਕਰਨਾ ਸ਼ੁਰੂ ਕੀਤਾ। ਮ੍ਰਿਤਕਾ ਮਨਜੀਤ ਦੇ ਰਿਸ਼ਤੇਦਾਰਾਂ ਨੇ ਪ੍ਰਦਰਸ਼ਨ ਕਰ ਕੇ ਇਲਜ਼ਾਮ ਲਗਾਇਆ ਕਿ ਮਸ਼ੀਨ ਦੀ ਸਾਈਡ ਉਤੇ ਲੱਗੀ ਮੋਟਰ ਉਤੇ ਕੋਈ ਸੇਫ਼ਟੀ ਨਹੀਂ ਲੱਗੀ ਹੋਈ। ਜਦੋਂ ਕਿ ਮਸ਼ੀਨ ਦੀ ਮੋਟਰ ਨੂੰ ਹਮੇਸ਼ਾ ਲੋਹੇ ਦੀ ਸੇਫ਼ਟੀ ਦੇ ਨਾਲ ਕਵਰ ਕੀਤਾ ਹੁੰਦਾ ਹੈ ਪਰ ਉਸ ਨੂੰ ਕਵਰ ਨਾ ਕਰਨ ਦੇ ਕਾਰਨ ਕੰਮ ਕਰਦੇ ਹੋਏ ਸ਼ਾਲ ਪੱਟੇ ਵਿਚ ਫਸ ਕੇ ਇੱਕਦਮ ਖਿੱਚਿਆ ਗਿਆ। ਜਦੋਂ ਕਿ ਫੈਕਟਰੀ ਦੇ ਜੀਐਮ ਗੁਰਿੰਦਰ ਨੇ ਦੱਸਿਆ ਕਿ ਹਾਦਸਾ ਔਰਤ ਦੇ ਕੰਮ ਕਰਦੇ ਹੋਏ ਅਚਾਨਕ ਸ਼ਾਲ ਫਸਣ ਕਰਕੇ ਹੋਇਆ ਹੈ।

ਇਸ ਵਿਚ ਫੈਕਟਰੀ ਵਲੋਂ ਕੋਈ ਲਾਪਰਵਾਹੀ ਨਹੀਂ ਕੀਤੀ ਗਈ ਸੀ। ਔਰਤ ਦੇ ਰਿਸ਼ਤੇਦਾਰਾਂ ਨੇ ਹੀ ਬਿਆਨ ਦੇ ਕੇ ਧਾਰਾ-174 ਦੇ ਤਹਿਤ ਕਾਰਵਾਈ ਕਰਵਾਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਵਾਲਿਆਂ ਦੇ ਹਵਾਲੇ ਕਰ ਦਿਤੀ ਗਈ ਹੈ।