ਸਨੀ ਦਿਉਲ ਨੂੰ ਚੋਣ ਕਮਿਸ਼ਨ ਨੇ ਕੀਤਾ ਪੌਣੇ 2 ਲੱਖ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ...

Sunny Deol

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਦੇ ਪ੍ਰਚਾਰ ਲਈ ਫੇਸਬੁੱਕ ’ਤੇ ਬਿਨਾਂ ਪ੍ਰਵਾਨਗੀ ਲਏ ਚਲਾਏ ਜਾ ਰਹੇ ‘ਫੈਨਜ਼ ਆਫ਼ ਸਨੀ ਦਿਓਲ’ ਮਾਮਲੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੌਨੀਟਰਿੰਗ ਕਮੇਟੀ, ਗੁਰਦਾਸਪੁਰ ਵੱਲੋਂ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਚੋਣ ਖਰਚ ਵਿੱਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦੇ ਹੁਕਮ ਦਿੱਤੇ ਹਨ।

ਰਾਜ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 6 ਮਈ ਨੂੰ ਚੋਣ ਕਮਿਸ਼ਨ ਕੋਲ ਉਪਰੋਕਤ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ। ਜਿਸ ’ਤੇ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੌਨੀਟਰਿੰਗ ਕਮੇਟੀ ਗੁਰਦਾਸਪੁਰ ਰਾਹੀਂ ਜਾਂਚ ਕਰਵਾਈ ਗਈ ਅਤੇ ਜਾਂਚ ਦੌਰਾਨ ‘ਫੈਨਜ਼ ਆਫ਼ ਸਨੀ ਦਿਓਲ’ ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਨੂੰ ਇਸ ਸਬੰਧੀ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸ਼ਿਕਾਇਤ ’ਤੇ ਮਿੱਥੇ ਸਮੇਂ ਤੱਕ ਫੇਸਬੁੱਕ ਪੇਜ ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸ਼ਿਕਾਇਤ ਨੂੰ ਦਰੁਸਤ ਮੰਨਦਿਆਂ ਭਾਜਪਾ ਉਮੀਦਵਾਰ ਦੇ ਚੋਣ ਖਰਚਿਆਂ ਵਿੱਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਅਤੇ ਫਿਲਮ ਅਦਾਕਾਰ ਵੱਲੋਂ ਆਪਣੇ ਫੇਸਬੁੱਕ ਪੇਜ ਜ਼ਰੀਏ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਪ੍ਰਚਾਰ ਦਾ ਲਾਭ ਸੰਸਦੀ ਚੋਣਾਂ ਦੌਰਾਨ ਵੀ ਹੋ ਰਿਹਾ ਹੈ।

ਚੋਣ ਕਮਿਸ਼ਨ ਵੱਲੋਂ ਪਹਿਲੀ ਵਾਰੀ ਸ਼ੋਸ਼ਲ ਮੀਡੀਆ ’ਤੇ ਉਮੀਦਵਾਰਾਂ ਦੀ ਹਰ ਤਰ੍ਹਾਂ ਦੀ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਨਿਗਰਾਨੀ ਲਈ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ। ਕਮਿਸ਼ਨ ਦੀਆਂ ਇਹ ਟੀਮਾਂ ਫੇਸਬੁੱਕ, ਇੰਸਟਾਗਰਾਮ, ਯੂ-ਟਿਊਬ, ਟਵਿੱਟਰ ਆਦਿ ਦੇ ਖਾਤਿਆਂ ਦੀ ਲਗਾਤਾਰ ਘੋਖ ਕਰ ਰਹੀਆਂ ਹਨ।