ਅਧਿਆਪਕਾਂ ਦਾ ਮਰਨ ਵਰਤ ਦਸਵੇਂ ਦਿਨ 'ਚ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ 'ਪੱਕਾ ਮੋਰਚਾ ਅਤੇ ਮਰਨ ਵਰਤ' ਅੱਜ ਦਸਵੇਂ ਦਿਨ ਵਿਚ ਸ਼ਾਮਲ ਹੋ ਗਿਆ..........

Teachers Protest

ਪਟਿਆਲਾ: ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ 'ਪੱਕਾ ਮੋਰਚਾ ਅਤੇ ਮਰਨ ਵਰਤ' ਅੱਜ ਦਸਵੇਂ ਦਿਨ ਵਿਚ ਸ਼ਾਮਲ ਹੋ ਗਿਆ। ਇਸ ਸਮੇਂ ਅਧਿਆਪਕ ਆਗੂਆਂ ਨੇ ਪਿਛਲੇ ਦਿਨਾਂ ਦੌਰਾਨ ਅਪਣੇ ਚਹੇਤਿਆਂ ਨੂੰ ਲਾਭ ਦੇ ਅਹੁਦੇ ਵੰਡਣ ਵਾਲੇ ਮੁੱਖ ਮੰਤਰੀ ਪੰਜਾਬ ਵਲੋਂ ਖ਼ਜ਼ਾਨਾ ਖਾਲੀ ਹੋਣ ਦੇ ਤੱਥਹੀਣ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਇਕ ਵੈਲਫ਼ੇਅਰ ਸਟੇਟ ਦੇ ਮੁੱਖ ਮੰਤਰੀ ਵਲੋਂ ਚੋਣਾਂ ਤੋਂ ਪਹਿਲਾਂ ਹਰ ਵਿਅਕਤੀ ਨੂੰ ਚੰਗੀ ਸਿਹਤ ਤੇ ਸਿਖਿਆ ਮੁਹਈਆ ਕਰਵਾਉਣ ਦੇ ਕੀਤੇ ਵਾਅਦਿਆਂ ਦੇ ਉਲਟ ਚੰਗੀ ਸਿਖਿਆ ਦੇ ਮੁੱਖ ਧੁਰੇ ਅਧਿਆਪਕਾਂ ਨੂੰ ਕੋਈ ਨਵੀਂ ਸਹੂਲਤ ਦੇਣ ਦੀ ਥਾਂ ਰੈਗੂਲਰ ਦੀ ਆੜ

ਵਿਚ 8886 ਐਸ.ਐਸ.ਏ./ਰਮਸਾ, ਮਾਡਲ, ਆਦਰਸ਼ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ 75% ਤਕ ਕਟੌਤੀ ਕਰਨਾ ਅਤੇ ਉਸ ਤੋਂ ਵੀ ਅੱਗੇ ਤਨਖ਼ਾਹ ਵਧਾਉਣ ਦੇ ਆਧਾਰਹੀਣ ਬਿਆਨਾਂ ਨਾਲ ਭਰਮਾਉਣਾ ਬਹੁਤ ਨਿੰਦਣਯੋਗ ਹੈ। ਉਨ੍ਹਾਂ ਆਖਿਆਂ ਕਿ ਮੁੱਖ ਮੰਤਰੀ ਵਲੋਂ 'ਦਿ ਪੰਜਾਬ ਐਡਹਾਕ, ਕੰਟਰੈਕਚੁਅਲ, ਡੇਅਲੀ ਵੇਜ਼, ਟੈਂਪਰੇਰੀ, ਵਰਕ ਚਾਰਜ਼ਡ ਅਤੇ ਆਊਟਸੋਰਸਡ ਇੰਪਲਾਈਜ਼ ਵੈਲਫ਼ੇਅਰ ਐਕਟ-2016 ਨੂੰ ਲਾਗੂ ਕਰ ਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਅਗਲੇ ਵਿਧਾਨ ਸਭਾ ਸੈਸ਼ਨ ਵਿਚ ਨਵਾਂ ਕਾਨੂੰਨ ਪਾਸ ਕਰ ਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਬਿਆਨ ਦੇਣਾ ਸਿਰਫ਼ ਮਸਲੇ ਤੋਂ ਟਾਲਾ ਵੱਟਣ ਅਤੇ ਪਹਿਲਾਂ ਸਥਾਪਤ ਕਾਨੂੰਨਾਂ ਨੂੰ

ਰੱਦ ਕਰ ਕੇ ਨਵੇਂ ਕਾਨੂੰਨ ਸਥਾਪਤ ਕਰ ਕੇ ਅਪਣੇ ਚਹੇਤਿਆਂ ਨੂੰ ਲਾਹਾ ਦੇਣ ਅਤੇ ਆਮ ਲੋਕਾਂ ਤੋਂ ਰੋਟੀ ਖੋਹਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਆਗੂਆਂ ਨੇ ਆਖਿਆ ਕਿ ਇਕ ਪਾਸੇ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਇਸ ਨੂੰ ਕੈਬਨਿਟ ਦਾ ਫ਼ੈਸਲਾ ਦਰਸਾਉਣ ਲਈ ਪੱਬਾਂ ਭਾਰ ਹਨ, ਦੂਜੇ ਪਾਸੇ ਕੈਬਨਿਟ ਮੰਤਰੀਆਂ ਵਲੋਂ ਲੁਕਵੀਂ ਅਤੇ ਦੱਬਵੀਂ ਜੁਬਾਨ ਵਿਚ ਇਸ ਨੂੰ ਸਿਰਫ਼ ਸਿਖਿਆ ਮੰਤਰੀ ਦਾ ਫ਼ੈਸਲਾ ਦਸਦਿਆਂ ਉਨ੍ਹਾਂ ਦੀ ਇਸ ਫ਼ੈਸਲੇ ਨਾਲ ਕੋਈ ਸਹਿਮਤੀ ਨਾ ਹੋਣ ਦੀ ਗੱਲ ਆਖ ਰਹੇ ਹਨ। ਅੱਜ ਪੱਕੇ ਮੋਰਚੇ ਦਰਮਿਆਨ ਚੱਲ ਰਹੇ ਮਰਨ ਵਰਤ ਦੇ ਦਸਵੇਂ ਦਿਨ ਮਰਨ ਵਰਤ ਵਿਚ ਸ਼ਾਮਲ ਛੇ ਮਹਿਲਾ ਅਧਿਆਪਕਾਂ ਸਮੇਤ ਕੁਲ 17 ਅਧਿਆਪਕਾਂ

ਵਿਚੋਂ ਸੱਤ ਅਧਿਆਪਕਾਂ ਦੀ ਹਾਲਤ ਵਿਗੜ ਗਈ। ਇਸ ਸਮੇਂ ਸਮੂਹ ਹਾਜ਼ਰੀਨ ਵਲੋਂ ਦੁਖ ਨਿਵਾਰਨ ਸਾਹਿਬ ਚੌਕ ਤੋਂ ਸ਼ੁਰੂ ਕਰ ਕੇ ਸਰਕਟ ਹਾਊਸ ਤੋਂ ਹੁੰਦੇ ਹੋਏ ਬੱਸ ਸਟੈਂਡ ਚੌਕ ਤਕ ਰੋਸ ਮਾਰਚ ਕੀਤਾ ਗਿਆ। ਆਗੂਆਂ ਨੇ ਦਸਿਆ ਕਿ ਮੋਰਚੇ ਵਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 18 ਅਕਤੂਬਰ ਨੂੰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਅਤੇ ਉਸ ਦੇ ਮੰਤਰੀਆਂ ਦੇ ਵੱਡ ਆਕਾਰੀ ਬੁੱਤ ਬਣਾ ਕੇ ਉਨ੍ਹਾਂ ਨੂੰ ਲਾਂਬੂ ਲਾਉਂਦਿਆਂ ਬੁਰਾਈ ਤੇ ਅਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ ਅਤੇ 21 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ, ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ

ਜਮਹੂਰੀ ਜਥੇਬੰਦੀਆਂ ਤੇ ਅਧਿਆਪਕਾਂ ਦੇ ਪਰਵਾਰਾਂ ਸਮੇਤ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵਲੋਂ ਮਾਣਕ ਕਣਕਵਾਲ, ਵਿਜੈ ਦੇਵ ਤੋਂ ਇਲਾਵਾ ਦਿਗਵਿਜੇਪਾਲ ਸ਼ਰਮਾ, ਬੂਟਾ ਸਿੰਘ ਭੈਣੀ, ਜੱਜਪਾਲ ਬਾਜੇਕੇ, ਸਰਵਣ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਅਮਰਦੀਪ ਸਿੰਘ, ਰਾਜੇਸ਼ ਕੁਮਾਰ, ਅਮਰਿੰਦਰ ਸਿੰਘ ਕੰਗ, ਹਰਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਧਰਮ ਸਿੰਘ ਰਾਈਏਵਾਲ, ਜੋਸ਼ੀਲ ਤਿਵਾੜੀ ਆਦਿ ਨੇ ਸੰਬੋਧਨ ਕੀਤਾ।

Related Stories