319 ਕਰਜ਼ਦਾਰਾਂ ਵਲ ਖੜਾ ਹੈ 6 ਕਰੋੜ ਦਾ ਕਰਜ਼ਾ, ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਏ
ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਨੇ ਕਰਜ਼ਾ ਨਾ ਮੋੜਨ ਵਾਲੇ ਸਮਰੱਥ ਕਰਜ਼ਦਾਰਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਲਏ ਹਨ.........
ਮੁਕੇਰੀਆਂ : ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਨੇ ਕਰਜ਼ਾ ਨਾ ਮੋੜਨ ਵਾਲੇ ਸਮਰੱਥ ਕਰਜ਼ਦਾਰਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਲਏ ਹਨ। ਕੁੱਝ ਕਰਜ਼ਦਾਰ ਗ੍ਰਿਫ਼ਤਾਰੀ ਦੇ ਡਰੋਂ ਕਰੀਬ 5 ਲੱਖ ਦੀ ਰਕਮ ਜਮ੍ਹਾਂ ਵੀ ਕਰਵਾ ਗਏ ਹਨ ਅਤੇ ਰਹਿੰਦੀ ਰਕਮ 3 ਦਿਨਾਂ ਅੰਦਰ ਜਮ੍ਹਾਂ ਕਰਾਉਣ ਦਾ ਭਰੋਸਾ ਦਿਤਾ ਹੈ। ਇਕੱਲੇ ਮੁਕੇਰੀਆਂ ਬੈਂਕ ਅਧੀਨ ਹੀ 319 ਸਮਰੱਥ ਕਰਜ਼ਦਾਰਾਂ ਵਲੋਂ 6 ਕਰੋੜ ਤੋਂ ਵੱਧ ਦੀ ਰਕਮ ਨਾ ਮੋੜਨ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਬੈਂਕ ਦੀ ਮੁਕੇਰੀਆਂ ਬ੍ਰਾਂਚ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀਏਡੀਬੀ ਦੇ ਸਹਾਇਕ ਜਨਰਲ ਮੈਨੇਜਰ ਰਵਿੰਦਰ ਪਠਾਨੀਆ ਨੇ ਦਸਿਆ ਕਿ ਕਈ ਸਮਰੱਥ ਕਰਜ਼ਦਾਰ
ਜਾਣਬੁੱਝ ਕੇ ਬੈਂਕ ਦਾ ਕਰਜ਼ਾ ਨਹੀਂ ਮੋੜ ਰਹੇ ਜਿਸ ਕਾਰਨ ਬੈਂਕ ਨੂੰ ਵਿੱਤੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਪੀਏਡੀਬੀ ਦੇ ਕਰਜ਼ੇ ਮੁਆਫ਼ ਨਹੀਂ ਹੋਣਗੇ। ਪਠਾਨੀਆ ਨੇ ਦਸਿਆ ਕਿ ਬੈਂਕ ਅਧੀਨ ਆਉਂਦੇ ਪਿੰਡਾਂ ਦੇ 319 ਸਮਰੱਥ ਕਰਜ਼ਦਾਰਾਂ ਵਲ ਕਰੀਬ 602 ਲੱਖ ਰੁਪਏ ਦਾ ਕਰਜ਼ਾ ਖੜਾ ਹੈ। ਇਸ ਮੌਕੇ ਨਰਿੰਦਰ ਸਿੰਘ ਸਹਾਇਕ ਮੈਨੇਜਰ, ਫ਼ੀਲਡ ਅਫ਼ਸਰ ਰਕੇਸ਼ ਕੁਮਾਰ, ਆਈ.ਟੀ. ਅਫ਼ਸਰ ਲਵਉਪਦੇਸ਼ ਸਿੰਘ ਆਦਿ ਹਾਜ਼ਰ ਸਨ।