ਬਾਗ਼ੀ ਖੇਮੇ ਵਲੋਂ ਖਹਿਰਾ ਨੂੰ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਪਈ ਫੁੱਟ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਐਤਵਾਰ ਨੂੰ ਪੰਜਾਬ ਫੇਰੀ ਤੋਂ ਬਾਅਦ ਹੋਰ ਗਹਿਰੀ ਹੋ ਗਈ ਹੈ............

Sukhpal Singh Khaira

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਪਈ ਫੁੱਟ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਐਤਵਾਰ ਨੂੰ ਪੰਜਾਬ ਫੇਰੀ ਤੋਂ ਬਾਅਦ ਹੋਰ ਗਹਿਰੀ ਹੋ ਗਈ ਹੈ। ਪਾਰਟੀ ਦੇ ਬਗਾਵਤ ਦੇ ਉਤਾਰੂ ਅਤੇ  ਵਿਰੋਧੀ ਧਿਰ ਦੇ ਨੇਤਾ ਦੀ ਗੱਦੀ ਤੋਂ ਲਾਹੇ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬਾਗੀ ਧੜੇ ਨੇ ਪੰਜਾਬ ਆਪ ਦਾ ਐਡਹਾਕ ਪ੍ਰਧਾਨ ਐਲਾਨ ਦਿੱਤਾ ਹੈ। ਆਪ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ 2 ਅਗਸਤ ਦੀ ਕਨਵੈਨਸ਼ਨ ਵਿਚ ਛੇ ਮਤੇ ਪਾਸ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਸੀ ਕਿ ਪੁਰਾਣਾ ਢਾਂਚਾ ਭੰਗ ਕੀਤਾ ਜਾਂਦਾ ਹੈ

ਤੇ ਇਸ ਤਹਿਤ ਹੀ ਖਹਿਰਾ ਪਾਰਟੀ ਦੀ ਪੰਜਾਬ ਪ੍ਰਧਾਨਗੀ ਸੰਭਾਲਣ ਦਾ ਸੱਦਾ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਏਸੀ (ਸਿਆਸੀ ਮਾਮਲਿਆਂ ਬਾਰੇ ਕਮੇਟੀ) ਦੀ ਅੱਜ ਦੀ ਮੀਟਿੰਗ ਵਿਚ ਫੈਸਲਾ ਲਿਆ ਹੈ ਕਿ ਨਵੇਂ ਢਾਂਚੇ ਦਾ ਗਠਨ ਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਖਪਾਲ ਸਿੰਘ ਖਹਿਰਾ ਨੂੰ ਆਰਜ਼ੀ ਪ੍ਰਧਾਨ ਥਾਪਿਆ ਜਾਂਦਾ ਹੈ। ਦਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਅਗਾਮੀ ਵਰਖਾ ਰੁੱਤ ਸੈਸ਼ਨ ਤੋਂ ਪਹਿਲਾਂ ਬਾਗੀ ਖੇਮੇ ਦੇ ਇਸ ਫੈਸਲੇ ਨਾਲ ਵੱਡਾ ਵਿਵਾਦ ਖੜ੍ਹ ਹੋ ਗਿਆ ਹੈ।

ਦਿੱਲੀ ਹਾਈ ਕਮਾਡ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਇਹ ਅਹੁਦਾ ਸੌਂਪ ਦਿੱਤਾ ਸੀ ਜਿਸ ਪਿੱਛੋਂ ਆਪ ਦੇ ਕਈ ਵਿਧਾਇਕ ਖਹਿਰਾ ਦੇ ਹੱਕ ਵਿਚ ਖੜ੍ਹ ਗਏ ਸਨ। ਖਹਿਰਾ ਧੜੇ ਨੇ ਮੀਟਿੰਗ ਕਰ ਕੇ ਪੀਏਸੀ ਦਾ ਗਠਨ ਕੀਤਾ ਸੀ। ਹੁਣ ਇਸ ਨੇ ਖਹਿਰਾ ਨੂੰ ਆਪਣਾ ਪ੍ਰਧਾਨ ਥਾਪ ਦਿੱਤਾ ਹੈ। ਓਧਰ ਖਹਿਰਾ ਨੇ ਦਾਅਵਾ ਕੀਤਾ ਕਿ ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੇ ਸਵਰਾਜ ਵਿਧਾਨ ਦੀ ਪਾਲਣਾ ਕਰਦੇ ਹੋਏ ਕੀਤੀ ਜਾ ਰਹੀ ਹੈ। ਉਹ ਅਗਾਮੀ ਪਾਰਟੀ ਕਨਵੈਨਸ਼ਨਾਂ ਵਿਚ ਲੋਕਾਂ ਦੇ 'ਹੁਕਮ' ਮੁਤਾਬਿਕ ਹੀ ਇਸ ਅਹੁਦੇ ਨੂੰ ਸੰਭਾਲਣ ਬਾਰੇ ਅਪਣਾ ਫੈਸਲਾ ਲੈਣਗੇ।