ਬਾਦਲ ਲੋਕਾਂ ਦੀ ਹਮਦਰਦੀ ਲੈਣ ਲਈ ਅਪਣੀ ਵਿਚਾਰਗੀ ਤੇ ਲਾਚਾਰੀ ਦਾ ਪੱਤਾ ਖੇਡਣ ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਦੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਹਿਲ ਬਾਦਲਾਂ ਨੂੰ ਹਜ਼ਮ ਨਹੀਂ ਹੋ ਰਹੀ...........

Parkash Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨਾਲੋਂ ਪੰਥ ਦਰਦੀਆਂ ਦੇ ਲਗਾਤਾਰ ਚਲ ਰਹੇ ਤੋੜ-ਵਿਛੋੜੇ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਖ਼ਰਾਬ ਕਰ ਦਿਤਾ ਹੈ। ਸਿੱਖ ਪੰਥ ਦੇ ਖ਼ਤਰੇ 'ਚ ਪੈਣ ਦੀ ਦਿਤੀ ਦੁਹਾਈ ਇਸ ਵਾਰ ਪੰਜਾਬੀਆਂ ਨੂੰ ਨੇੜੇ ਲਿਆਉਣ 'ਚ ਕਾਰਗਰ ਸਿੱਧ ਹੁੰਦੀ ਨਾ ਵੇਖ ਕੇ ਬਾਦਲ ਪ੍ਰਵਾਰ ਨੇ ਪੰਥ ਦੀ ਹਮਦਰਦੀ ਜਿੱਤਣ ਲਈ ਅਪਣੇ ਆਪ ਨੂੰ 'ਵਿਚਾਰੇ ਤੇ ਲਾਚਾਰ' ਆਗੂਆਂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿਤਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਫ਼ਰੀਦਕੋਟ ਰੈਲੀ ਵਿਚ ਕੌਮ ਲਈ ਕਈ ਸੁਖਬੀਰ ਵਾਰ ਦੇਣ ਦੇ ਐਲਾਨ ਨੂੰ ਨਵੀਂ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਚੋਣ ਨਤੀਜਿਆਂ ਵਿਚ ਅਕਾਲੀ ਦਲ ਦੀ ਹਾਰ ਕੰਧ 'ਤੇ ਲਿਖੇ ਸੱਚ ਵਰਗੀ ਹੈ। ਬਾਵਜੂਦ ਇਸ ਦੇ, ਉਹ ਸਰਕਾਰੀ ਧੱਕੇ ਦਾ ਸ਼ਿਕਾਰ ਹੋਣ ਦੀ ਹਾਲ-ਪਾਹਰਿਆ ਮਚਾ ਰਹੇ ਹਨ। ਅਕਾਲੀ ਦਲ ਜਦੋਂ ਲੋਕਾਂ ਤੋਂ ਦੂਰ ਹੋਣ ਦੇ ਵੱਡੇ ਗੰਭੀਰ ਸੰਕਟ 'ਚੋਂ ਲੰਘ ਰਿਹਾ ਹੈ ਤਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸ਼ੁਰੂ ਕੀਤੀ ਪਹਿਲ, ਬਾਦਲ ਪ੍ਰਵਾਰ ਦੇ ਕਿਸੇ ਤਰ੍ਹਾਂ ਵੀ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ।

ਬਾਦਲ ਪਿਉ-ਪੁੱਤਰ ਤੋਂ ਅੱਗੇ ਜਾਂਦਿਆਂ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਿੱਧੂ ਵਿਰੁਧ ਦਿਤੇ ਜਾ ਰਹੇ ਆਲੋਚਨਾਤਮਕ ਬਿਆਨ ਇਸ ਦਾ ਸਬੂਤ ਹਨ। ਪਾਰਟੀ ਦੇ ਟਕਸਾਲੀ ਨੇਤਾਵਾਂ ਨੇ ਚਾਹੇ ਦਬਵੀਂ ਸੁਰ ਵਿਖ ਸ਼ੁਰੂ ਕੀਤਾ ਵਿਰੋਧ ਹਾਲੇ ਦੰਦਾਂ ਥੱਲੇ ਜੀਭ ਦੇ ਕੇ ਰੋਕ ਲਿਆ ਹੈ, ਪਰ ਅੰਦਰੋਂ ਅੰਦਰੀਂ ਉਹ ਬਾਦਲ ਪ੍ਰਵਾਰ ਦੇ ਰਵਈਏ ਅਤੇ ਕਾਰਗੁਜ਼ਾਰੀ ਤੋਂ ਅਪਣੇ-ਆਪ ਨੂੰ ਪੀੜਤ ਸਮਝ ਰਹੇ ਹਨ।

ਵੱਡੀ ਗਿਣਤੀ ਟਕਸਾਲੀ ਨੇਤਾ ਇਹ ਮੰਨ ਰਹੇ ਹਨ ਕਿ ਪਿਉ-ਪੁੱਤਰ ਵਿਚੋਂ ਇਕ ਲਈ ਮੁੱਖ ਮੰਤਰੀ ਦੇ ਅਹੁਦੇ 'ਤੇ ਕਬਜ਼ੇ ਦਾ ਸਦਾ ਲਈ ਦਾਅਵਾ ਉਨ੍ਹਾਂ ਵਾਸਤੇ ਵਧੇਰੇ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਅਤੇ ਆਮ ਲੋਕ ਵੀ ਇਸ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹਨ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਸੀਆਂ ਗਈਆਂ ਸੌਦਾ ਸਾਧ ਨੂੰ ਮਾਫ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿਤੀਆਂ ਹਦਾਇਤਾਂ ਦਾ ਕੋਈ ਜਵਾਬ ਨਹੀਂ।

ਕਮੇਟੀ ਦੀ ਸਾਬਕਾ ਸਕੱਤਰ ਕਿਰਨਜੋਤ ਕੌਰ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਦੂਜੇ ਨੇਤਾਵਾਂ ਵਲੋਂ ਲਾਏ ਦੋਸ਼ਾਂ ਅੱਗੇ ਵੀ ਲਾਜਵਾਬ ਹੋ ਕੇ ਰਹਿ ਗਏ ਹਨ।
ਵੱਡੀ ਗਿਣਤੀ ਪੰਥ ਪ੍ਰੇਮੀ ਬਹਿਬਲ ਕਲਾਂ ਗੋਲੀਕਾਂਡ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਜਵਾਬ ਦੇਣ ਦੀ ਥਾਂ ਕਾਂਗਰਸ 'ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾ ਕੇ ਅਪਣੇ ਆਪ ਨੂੰ ਸੁਰਖ਼ਰੂ ਸਮਝਣ ਤੋਂ ਔਖੇ ਹਨ। ਲੋਕ ਆਸ ਰਖਦੇ ਹਨ ਕਿ ਪੰਥ ਦੇ ਰਖਵਾਲੇ ਹੋਣ ਦਾ ਦਾਅਵਾ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਫ਼ਾਇਰਿੰਗ ਦੇ ਹੁਕਮਾਂ ਬਾਰੇ ਹਾਂ ਜਾਂ ਨਾਂਹ ਵਿਚ ਦੋਟੁਕਾ ਜਵਾਬ ਦੇਣਾ ਚਾਹੀਦਾ ਹੈ।