ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ‘ਚ ਮੁੱਖ ਫ਼ੌਜ ਟਿਕਾਣਿਆਂ ‘ਤੇ ਵਧਾਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਪੰਜਾਬ ਦੀ ਪੁਲਿਸ ਅਤੇ ਖ਼ੁਫ਼ੀਆ...

Army

ਬਠਿੰਡਾ (ਸਸਸ) : ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਪੰਜਾਬ ਦੀ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਐਨਆਈਏ ਦੀ ਟੀਮ ਵੀ ਪੰਜਾਬ ‘ਤੇ ਨਜ਼ਰ  ਰੱਖ ਰਹੀ ਹੈ। ਸੂਤਰਾਂ ਦੇ ਮੁਤਾਬਕ ਫ਼ੌਜ ਅਧਿਕਾਰੀਆਂ ਦੇ ਕੋਲ ਜੋ ਨਵੀਂਆਂ ਇਨਪੁਟ ਹਨ, ਉਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਸਥਿਤ ਫ਼ੌਜ ਦੇ ਮੁੱਖ ਟਿਕਾਣਿਆਂ ‘ਤੇ ਅਤਿਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਸ ਤੋਂ ਇਲਾਵਾ ਪੰਜਾਬ ਵਿਚ ਜੋ ਅਤਿਵਾਦੀ ਸਰਹੱਦ ਪਾਰ ਤੋਂ ਅੰਦਰ ਦਾਖ਼ਲ ਹੋਏ ਹਨ, ਉਨ੍ਹਾਂ ਦਾ ਮਕਸਦ ਪੰਜਾਬ ਅਤੇ ਹਰਿਆਣਾ ਵਿਚ ਵੱਡੇ ਪੱਧਰ ‘ਤੇ ਜਾਨੀ ਮਾਲ ਦਾ ਨੁਕਸਾਨ ਪਹੁੰਚਾਉਣਾ ਹੈ। ਜਿਸ ਦੇ ਨਾਲ ਦੋਵਾਂ ਸੂਬਿਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਹਾਲਾਂਕਿ ਇਸ ਤਰ੍ਹਾਂ ਦੇ ਇਨਪੁਟ ਮਿਲਣ ਦੀ ਫ਼ੌਜ ਦੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਜੋ ਫ਼ੌਜ ਦੇ ਪ੍ਰਮੁੱਖ ਟਿਕਾਣੇ ਹਨ, ਉਨ੍ਹਾਂ ਦੀ ਫ਼ੌਜ ਦੇ ਅਫ਼ਸਰਾਂ ਨੇ ਸੁਰੱਖਿਆ ਵਧਾ ਦਿਤੀ ਹੈ।

ਪੰਜਾਬ ਦੇ ਬਠਿੰਡਾ ਅਤੇ ਪਟਿਆਲਾ ਵਿਚ ਫੌਜ ਦੀਆਂ ਪ੍ਰਮੁੱਖ ਛਾਉਣੀਆਂ ਹਨ। ਇਥੇ ਇਨਪੁਟ ਮਿਲਣ ਤੋਂ ਬਾਅਦ ਸੁਰੱਖਿਆ ਹੋਰ ਕਰੜੀ ਕਰ ਦਿਤੀ ਗਈ ਹੈ।  ਉਥੇ ਹੀ ਹਰਿਆਣਾ ਦੇ ਪਾਣੀਪਤ ਦੇ ਸਮਾਲਾਖਾ ਵਿਚ ਨਿਰੰਕਾਰੀ ਸਮਾਜ ਦੇ ਲੋਕਾਂ ਵਲੋਂ 24 ਤੋਂ 26 ਨਵੰਬਰ ਤੱਕ ਕਰਵਾਏ ਜਾਣ ਵਾਲੇ ਸਮਾਗਮ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵੱਡੇ ਪੱਧਰ ‘ਤੇ ਸੁਰੱਖਿਆ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿਤਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਮਾਗਮ ਦੀ ਸੁਰੱਖਿਆ ਲਈ ਹਰਿਆਣਾ ਪੁਲਿਸ ਵਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਹਨ।

ਜਿਸ ਦੇ ਤਹਿਤ ਸਮਾਗਮ ਵਿਚ ਆਉਣ ਵਾਲੇ ਹਰ ਸ਼ਖਸ ਦੀ ਇਕ ਵਿਸ਼ੇਸ਼ ਕਿਸਮ ਦੇ ਮੈਟਲ ਡਿਟੈਕਟਰ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮਾਗਮ ਸਥਾਨ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਹਿਸਾਰ ਵਿਚ ਸਥਿਤ ਫ਼ੌਜ ਦੇ ਮੁੱਖ ਟਿਕਾਣਿਆਂ ਦੀ ਵੀ ਸੁਰੱਖਿਆ ਵਧਾ ਦਿਤੀ ਗਈ ਹੈ।

Related Stories