ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਰਾਜਗੜ੍ਹ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਨਸ਼ਾ ਨਾਂ ਦੀ ਕੋਈ ਚੀਜ਼ ਨਹੀਂ

Tandrust Punjab Mission : Village Rajgarh report

ਫ਼ਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਰਾਜਗੜ੍ਹ ਪੁੱਜੀ।

'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਰਾਜਗੜ੍ਹ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਨਸ਼ਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪਿੰਡ ਦਾ ਇਕ ਵੀ ਨੌਜਵਾਨ ਜਾਂ ਬਜ਼ੁਰਗ ਨਸ਼ਾ ਨਹੀਂ ਕਰਦਾ। ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਅੱਜ ਤੋਂ 10-11 ਸਾਲ ਪਹਿਲਾਂ ਪੰਜਾਬ 'ਚ ਗਿਣਵੇਂ-ਚੁਣਵੇਂ ਨਸ਼ੇ ਹੁੰਦੇ ਸਨ, ਜਿਵੇਂ ਸ਼ਰਾਬ, ਭੁੱਕੀ ਆਦਿ।

ਪਿਛਲੇ ਕੁਝ ਸਾਲਾਂ 'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਇਕ ਭਿਆਨਕ ਵਿਸਫ਼ੋਟ ਹੋਇਆ ਹੈ ਅਤੇ ਵਧੇਰੇ ਚਿੰਤਾਜਨਕ ਗੱਲ ਨਾ ਸਿਰਫ਼ ਨਸ਼ੇ ਦੀ ਮਾਤਰਾ ਵਿਚ ਵਾਧਾ ਹੈ ਸਗੋਂ ਨਸ਼ਿਆਂ ਦੀਆਂ ਕਿਸਮਾਂ ਵੀ ਹੁਣ ਗਿਣੀਆਂ ਨਹੀਂ ਜਾਂਦੀਆਂ। ਨਸ਼ਿਆਂ ਦੀਆਂ ਕਿਸਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਹਨ ਸਿੰਥੈਟਿਕ ਡਰੱਗਜ਼, ਸਸਤੀ ਦਵਾਈਆਂ ਦੇ ਕਾਕਟੇਲ, ਜਿਹੜੀਆਂ ਕੈਮਿਸਟ ਦੁਕਾਨਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਲੋਕ ਆਈਓਡੈਕਸ, ਵਿਕਸ, ਕਿਰਲੀਆਂ ਤੇ ਹੋਰ ਪਤਾ ਨਹੀਂ ਕੀ-ਕੀ ਨਸ਼ਾ ਕਰਨ ਲਈ ਵਰਤਦੇ ਹਨ। ਪੰਜਾਬ ਦਾ ਨਸ਼ੇ ਦੀ ਮਾਰਕੀਟ ਬਣਨਾ, ਸਥਾਪਤੀ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦਾ ਨਤੀਜਾ ਹੈ।

ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਫਿਲਹਾਲ ਇਸ ਬੁਰੀ ਆਦਤ ਤੋਂ ਬਚਿਆ ਹੋਇਆ ਹੈ। ਪਿੰਡ ਅੰਦਰ 250-300 ਨੌਜਵਾਨ ਹਨ ਅਤੇ ਜ਼ਿਆਦਾਤਰ ਪੜ੍ਹੇ-ਲਿਖੇ ਹਨ। ਬਾਕੀ ਖੇਤੀ ਤੇ ਹੋਰ ਧੰਦਿਆਂ 'ਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਪਿੰਡ ਅੰਦਰ ਪੱਕੀਆਂ ਨਾਲੀਆਂ, ਗਲੀਆਂ, ਫਿਰਨੀ ਆਦਿ ਬਣੀ ਹੋਈ ਹੈ। ਪਿੰਡ 'ਚ ਸਰਕਾਰੀ ਸਕੂਲ ਵੀ ਹੈ, ਜਿਸ 'ਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੂਰੀ ਸ਼ਿੱਦਤ ਨਾਲ ਪੜ੍ਹਾਇਆ ਜਾਂਦਾ ਹੈ।

ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ 'ਚ ਸ਼ੁਰੂ ਤੋਂ ਹੀ ਨਸ਼ਾ ਮੁਕਤ ਹੈ। ਪਿੰਡ ਨੂੰ ਸਰਕਾਰ ਵੱਲੋਂ ਜਿੰਨੀ ਵੀ ਗ੍ਰਾਂਟ ਮਿਲੀ ਉਹ ਵਿਕਾਸ ਕਾਰਜਾਂ 'ਤੇ ਖਰਚੀ ਗਈ, ਜਿਸ ਕਾਰਨ ਉਨ੍ਹਾਂ ਦਾ ਪਿੰਡ ਸੂਬੇ ਦੇ ਵਧੀਆ ਪਿੰਡਾਂ 'ਚ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਅੰਦਰ ਇੰਟਰਲਾਕਿੰਗ ਟਾਈਲਾਂ ਲੱਗੀਆਂ ਹੋਇਆਂ ਹਨ। ਪੀਣ ਵਾਲੇ ਪਾਣੀ ਦੀ ਸਪਲਾਈ ਦਾ ਵਧੀਆ ਪ੍ਰਬੰਧ ਹੈ। ਸਮੇਂ-ਸਮੇਂ 'ਤੇ ਟੋਭਿਆਂ ਦੀ ਸਫ਼ਾਈ ਕਰਵਾਈ ਜਾਂਦੀ ਹੈ।

ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਕੋਈ ਸ਼ਰਾਬ, ਬੀੜੀ, ਸਿਰਗਟ, ਜ਼ਰਦਾ ਆਦਿ ਦੀ ਦੁਕਾਨ ਨਹੀਂ ਹੈ। ਇਸ ਤੋਂ ਇਲਾਵਾ ਪਿੰਡ ਅੰਦਰ ਨਾ ਕਿਸੇ ਨਾਈ ਦੀ ਦੁਕਾਨ ਹੈ। ਜ਼ਿਆਦਾਤਰ ਲੋਕ ਸਿੱਖੀ ਸਰੂਪ 'ਚ ਹਨ। ਇਸ ਨੂੰ ਰੱਬ ਦੀ ਮਿਹਰ ਹੀ ਕਿਹਾ ਜਾ ਸਕਦਾ ਹੈ ਕਿ ਪਿੰਡ ਦੇ ਲੋਕ ਨਸ਼ੇ ਦੀ ਬੁਰੀ ਅਲਾਮਤ ਤੋਂ ਬਚੇ ਹੋਏ ਹਨ। ਇਸ ਤੋਂ ਇਲਾਵਾ ਪਿੰਡ ਅੰਦਰ ਜਦੋਂ ਵੀ ਗੁਰੂ ਪੁਰਬ ਜਾਂ ਧਾਰਮਕ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਪੂਰਾ ਪਿੰਡ ਇਸ 'ਚ ਸ਼ਾਮਲ ਹੁੰਦਾ ਹੈ। 

ਇਕ ਹੋਰ ਨੌਜਵਾਨ ਅਮਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਬੱਚਿਆਂ ਦੇ ਖੇਡਣ ਲਈ ਮੈਦਾਨ ਕੋਈ ਵਧੀਆ ਮੈਦਾਨ ਨਹੀਂ ਹੈ। ਸਰਪੰਚ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਇਸ ਲਈ ਛੇਤੀ ਹੀ ਗ੍ਰਾਂਟ ਜਾਰੀ ਕਰ ਦਿੱਤੀ ਜਾਵੇਗੀ।

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਂਜ ਪਿੰਡ 'ਚ ਸਾਰੀਆਂ ਸਹੂਲਤਾਂ ਮੌਜੂਦ ਹਨ, ਪਰ ਕੋਈ ਡਿਸਪੈਂਸਰੀ ਨਹੀਂ ਹੈ। ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਸ਼ਹਿਰ ਨੂੰ ਜਾਣਾ ਪੈਂਦਾ ਹੈ। ਸਰਕਾਰ ਨੂੰ ਇਹੀ ਮੰਗ ਹੈ ਕਿ ਪਿੰਡ 'ਚ  ਡਿਸਪੈਂਸਰੀ ਬਣਾਈ ਜਾਵੇ। ਇਸ ਤੋਂ ਇਲਾਵਾ ਪਿੰਡ 'ਚ 5ਵੀਂ ਜਮਾਤ ਤਕ ਹੀ ਸਕੂਲ ਹੈ। ਇਸ ਤੋਂ ਅਗਲੀ ਜਮਾਤ ਦੀ ਪੜ੍ਹਾਈ ਲਈ ਬੱਚਿਆਂ ਨੂੰ ਨਾਲ ਦੇ ਪਿੰਡ 'ਚ ਜਾਣਾ ਪੈਂਦਾ ਹੈ। 

ਰੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨਸ਼ਾ ਮੁਕਤ ਹੋਣ ਦਾ ਕਾਰਨ ਲੋਕਾਂ ਦਾ ਆਪਸੀ ਪਿਆਰ ਹੈ। ਪਿੰਡ ਦੇ ਨੌਜਵਾਨ ਇਕ ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਜਿਸ ਕਾਰਨ ਸਾਰੇ ਹੀ ਨਸ਼ੇ ਤੋਂ ਬਚੇ ਹੋਏ ਹਨ। ਨੌਜਵਾਨ ਇਕ ਦੂਜੇ ਨੂੰ ਵੇਖ ਕੇ ਨਸ਼ਾ ਆਦਿ ਨਹੀਂ ਕਰਦੇ। ਇਸ ਨੂੰ ਚੰਗੀ ਸੰਗਤ ਦਾ ਅਸਰ ਵੀ ਕਿਹਾ ਜਾ ਸਕਦਾ ਹੈ।