ਚੀਮਾ ਨੇ ਖਹਿਰਾ ਤੇ ਸੰਧੂ ਦੀਆਂ ਸੀਟਾਂ ਪਿੱਛੇ ਲਵਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲਕੇ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਅਹਿਮ ਵਰਖਾ ਰੁੱਤ ਸੈਸ਼ਨ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਨੇਤਾ.............

Kanwar Sandhu

ਚੰਡੀਗੜ੍ਹ : ਭਲਕੇ ਸ਼ੁਰੂ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਅਹਿਮ ਵਰਖਾ ਰੁੱਤ ਸੈਸ਼ਨ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਉਨਾਂ ਦੇ ਕਰੀਬੀ ਵਿਧਾਇਕ ਅਤੇ ਸਾਬਕਾ ਨਾਮਵਰ ਪਤਰਕਾਰ ਕੰਵਰ ਸੰਧੂ ਨੂੰ ਉਨਾਂ ਦੀ ਆਪਣੀ ਹੀ ਪਾਰਟੀ ਇਕ ਝਟਕਾ ਦੇਣ ਜਾ ਰਹੀ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਾਰਟੀ ਨੇ ਇਨਾਂ ਦੋਵਾਂ ਵਿਧਾਇਕਾਂ ਦੇ ਸਦਨ ਵਿਚ ਬਹਿਣ ਲਈ ਪਿਛਲੀਆਂ ਸੀਟਾਂ ਨੀਯਤ ਕੀਤੀਆਂ ਹਨ।

ਸਾਰੀਆਂ ਪਾਰਟੀਆਂ ਦੇ ਵਿਧਾਨ ਸਭਾ ਪਹੁੰਚੇ ਸਿਟਿੰਗ ਪਲਾਨ ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨਵੇਂ ਨਿਯੁਕਤ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਹਿਰਾ ਅਤੇ ਸੰਧੂ ਲਈ ਆਪਣੇ ਸਾਰੇ ਵਿਧਾਇਕਾਂ ਦੇ ਐਨ ਮਗਰਲੀਆਂ ਸੀਟਾਂ ਤੈਅ ਕਰਨ ਦਾ ਜ਼ਿਕਰ ਕੀਤਾ ਗਿਆ ਦਸਿਆ ਜਾ ਰਿਹਾ ਹੈ। 
ਸੰਪਰਕ ਕਰਨ ਉਤੇ ਕੰਵਰ ਸੰਧੂ ਨੇ ਇਸ ਬਾਰੇ ਅਣਜਾਣਤਾ ਪ੍ਰਗਟਾਈ ਪਰ ਨਾਲ ਹੀ ਉਨਾਂ ਕਿਹਾ ਹੈ ਕਿ ਜੇਕਰ ਉਨਾਂ ਦੀ ਪਾਰਟੀ ਨੇ ਅਜਿਹਾ ਕੀਤਾ ਹੈ ਤਾਂ ਇਹ ਸੁਖਪਾਲ ਸਿੰਘ ਖਹਿਰਾ ਅਤੇ ਉਨਾਂ ਨੂੰ ਬੇਇਜ਼ਤ ਕਰਨ ਦੀ ਇਕ ਹੋਰ ਕੋਸ਼ਿਸ ਹੋਵੇਗੀ। 

ਸੰਧੂ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਚ ਵਿਧਾਨਕ ਤਜਰਬੇ ਵਿਚ ਸੁਖਪਾਲ ਸਿੰਘ ਖਹਿਰਾ ਸਭ ਤੋਂ ਸੀਨੀਅਰ ਅਤੇ ਸਮਰਥ ਬੁਲਾਰੇ ਹਨ ਅਤੇ ਬਤੌਰ ਲੰਮੇ ਪੱਤਰਕਾਰੀ ਤਜਰਬੇ ਵਜੋਂ ਉਹਨਾਂ ਦਾ ਪੰਜਾਬ, ਪੰਥ ਅਤੇ ਦੇਸ਼ ਦੀ ਸਿਆਸਤ ਚ ਹੱਥ ਕਾਫੀ ਮਜਬੂਤ ਹੈ। ਅਜਿਹੇ ਵਿਚ ਉਨਾਂ ਦੋਵਾਂ ਨੂੰ ਪਿੱਛੇ ਬਹਿਣ ਲਈ ਮਜਬੂਰ ਕਰਨਾ ਸਪਸ਼ਟ ਇਸ਼ਾਰਾ ਹੋਵੇਗਾ ਕਿ ਉਨਾਂ ਦੀ ਪਾਰਟੀ ਸਦਨ ਵਿਚ ਆਪਣੀ ਅਵਾਜ਼ ਮਜ਼ਬੂਤੀ ਨਾਲ ਨਹੀਂ ਰੱਖਣਾ ਚਾਹੁੰਦੀ।  ਉਨਾਂ ਕਿਹਾ ਕਿ ਉਹ ਸਦਨ ਵਿਚ ਆਪਣੀ ਅਵਾਜ਼ ਚੁੱਕਣ ਦੀ ਪੂਰੀ ਵਾਹ ਲਾਉਣਗੇ ਅਤੇ ਨਹੀਂ ਤਾਂ ਬਾਹਰ ਆ ਕੇ ਆਪਣੀ ਅਵਾਜ਼ ਚੁੱਕਣਗੇ।