ਪੰਜਾਬ ਵਿਧਾਨ ਸਭਾ ਵਲੋਂ ਵਾਜਪਾਈ, ਸੋਮਨਾਥ ਚੈਟਰਜੀ ਅਤੇ ਹੋਰ ਵਿਛੜੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਲੋਂ ਵਾਜਪਾਈ, ਸੋਮਨਾਥ ਚੈਟਰਜੀ ਅਤੇ ਹੋਰ ਵਿਛੜੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

Punjab Vidhan Sabha

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਿਧਾਨ ਸਭਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਸਣੇ ਹੋਰਨਾਂ ਵਿਛੜੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਜੋ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਬਾਅਦ ਵਿਛੋੜਾ ਦੇ ਗਈਆਂ ਹਨ। ਵਿਧਾਨ ਸਭਾ ਦੇ ਮਾਨਸੂਨ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ, ਸਿਆਸਤਦਾਨਾਂ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਦੇ ਨਾਲ-ਨਾਲ ਆਪਣੀ ਜਾਨ ਨਿਸ਼ਵਰ ਕਰਨ ਵਾਲੇ ਫੌਜੀਆਂ ਨੂੰ ਵੀ 2 ਮਿੰਟ ਦਾ ਮੌਨ ਰੱਖ ਕੇ ਸਤਿਕਾਰ ਵਜੋਂ ਸ਼ਰਧਾਂਜਲੀ ਭੇਂਟ ਕੀਤੀ।

ਵਾਜਪਾਈ ਅਤੇ ਸੋਮਨਾਥ ਚੈਟਰਜੀ ਤੋਂ ਇਲਾਵਾ ਸਦਨ ਨੇ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਬਲਰਾਮ ਜੀ ਦਾਸ ਟੰਡਨ, ਸਾਬਕਾ ਮੰਤਰੀ ਸੁਰਿੰਦਰ ਸਿੰਗਲਾ, ਸਾਬਕਾ ਵਿਧਾਇਕ ਜੋਗਿੰਦਰ ਨਾਥ ਅਤੇ ਕੁਲਦੀਪ ਸਿੰਘ ਬਡਾਲਾ ਅਤੇ ਉੱਘੇ ਪੱਤਰਕਾਰ ਕੁਲਦੀਮ ਨਈਅਰ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਆਜ਼ਾਦੀ ਘੁਲਾਟੀਆਂ ਓਮ ਪ੍ਰਕਾਸ਼ ਸ਼ਰਮਾਂ, ਹਜ਼ਾਰਾ ਸਿੰਘ, ਮਹਿਲ ਸਿੰਘ, ਦਰਸ਼ਨ ਸਿੰਘ, ਮਿਲਖਾ ਸਿੰਘ, ਚਮਨ ਲਾਲ, ਬਖਸ਼ੀਸ਼ ਸਿੰਘ, ਗੁਰਬਖਸ਼ ਸਿੰਘ ਅਤੇ ਬਚਿੱਤਰ ਸਿੰਘ ਨੂੰ ਵੀ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸਮਾਗਮ ਦੌਰਾਨ ਵਿਛੜੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਪ੍ਰਸਤਾਵ ਕੀਤਾ। 17 ਉੱਘੀਆਂ ਸ਼ਖਸ਼ੀਅਤਾਂ ਦਾ ਵਿਵਰਣ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਸਦਨ ਵਲੋਂ ਸ਼ੋਕ ਪ੍ਰਗਟਾਏ ਜਾਣ ਦਾ ਮਤਾ ਪਾਸ ਕਰ ਦਿਤਾ। ਇਹ ਮਤਾ ਜ਼ਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ। ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੀ ਬੇਨਤੀ 'ਤੇ ਸੰਗਰੂਰ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਏ ਜੰਗੀਰ ਸਿੰਘ ਸੁਤੰਤਰ ਦਾ ਨਾਂ ਸ਼ਰਧਾਂਜਲੀ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।

ਦੇਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਦਖਲ 'ਤੇ ਸਪੀਕਰ ਨੇ ਅਮਰੀਕਾ ਵਿੱਚ ਨਫ਼ਰਤੀ ਅਪਰਾਧ ਦੇ ਸ਼ਿਕਾਰ ਹੋਏ ਤਿਰਲੋਕ ਸਿੰਘ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਲਿਆ। ਸਪੀਕਰ ਨੇ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਾਸਤੇ ਆਪਣਾ ਬਲਿਦਾਨ ਦੇਣ ਵਾਲੇ ਫੌਜ ਅਤੇ ਨੀਮ ਫੌਜੀ ਬਲਾਂ ਦੇ ਸਾਰੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ।