'ਆਪ' ਪੰਜਾਬ ਦੇ ਅੰਦਰੂਨੀ ਦੰਗਲ 'ਚ ਖਹਿਰਾ ਦੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ 'ਚ ਪਏ ਕਾਟੋ-ਕਲੇਸ਼ ਦੇ ਦੰਗਲ 'ਚ ਹਾਲ ਦੀ ਘੜੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ............

Sukhpal Singh Khaira

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ 'ਚ ਪਏ ਕਾਟੋ-ਕਲੇਸ਼ ਦੇ ਦੰਗਲ 'ਚ ਹਾਲ ਦੀ ਘੜੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹੀ ਝੰਡੀ ਮੰਨੀ ਜਾ ਰਹੀ ਹੈ।  ਪਾਰਟੀ ਦੇ ਸਹਿ-ਪ੍ਰਧਾਨ ਡਾਕਟਰ ਬਲਬੀਰ ਸਿੰਘ ਵਲੋਂ ਖਹਿਰਾ ਉਤੇ ਪਾਰਟੀ ਅੰਦਰੂਨੀ ਭ੍ਰਿਸ਼ਟਾਚਾਰ ਦੇ ਲਾਏ ਦੋਸ਼ਾਂ ਤੋਂ ਖਿਝੇ ਖਹਿਰਾ ਨੇ ਪਾਰਟੀ ਵਿਧਾਇਕਾਂ ਦੀ ਇਹ ਬੈਠਕ ਸੱਦ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਨ ਦਾ ਹੰਭਲਾ ਮਾਰਿਆ ਸੀ। ਬੈਠਕ ਦਾ ਸਮਾਂ ਅਤੇ ਸਥਾਨ (ਵਿਧਾਨ ਸਭਾ ਕੰਪਲੈਕਸ) ਵੀ ਐਨ ਉਹੀ ਚੁਣਿਆ ਗਿਆ

ਜਿਸ ਦਿਨ ਅਤੇ ਜਿਸ ਵੇਲੇ ਵਿਧਾਇਕਾਂ ਨੇ ਰਸਮੀ ਕੰਮਕਾਜੀ ਗਤੀਵਿਧੀਆਂ ਹਿਤ ਪੰਜਾਬ ਵਿਧਾਨ ਸਭਾ ਆਉਣਾ ਹੀ ਹੁੰਦਾ ਹੈ। ਅਜਿਹੇ ਵਿਚ ਵਿਧਾਇਕ ਅਤੇ ਦਿੱਲੀ ਵਾਸੀ ਹਰਵਿੰਦਰ ਸਿੰਘ ਫੂਲਕਾ, ਬਠਿੰਡਾ ਵਾਸੀ ਡਾ. ਬਲਜਿੰਦਰ ਕੌਰ ਅਤੇ ਇਕ ਹੋਰ ਵਿਧਾਇਕ ਤੋਂ ਇਲਾਵਾ ਲਗਭਗ ਸਾਰੇ ਡੇਢ ਦਰਜਨ 'ਆਪ' ਵਿਧਾਇਕ ਖਹਿਰਾ ਦੇ ਮੀਟਿੰਗ ਦੇ ਸਦੇ ਉਤੇ ਫੁੱਲ ਚੜਾਉਂਦੇ ਹੋਏ ਹਾਜ਼ਰ ਰਹੇ।

ਹਾਲਾਂਕਿ ਇਸ ਮੌਕੇ ਬਹੁਤੇ ਵਿਧਾਇਕਾਂ ਨੇ ਖਹਿਰਾ ਨੂੰ ਹੀ ਉਲਟਾ ਇਹ ਸਲਾਹ ਦੇ ਦਿਤੀ ਕਿ ਪਾਰਟੀ ਦੇ ਅੰਦਰੂਨੀ ਵਿਵਾਦਾਂ ਨੂੰ ਬਾਹਰ ਮੀਡੀਆ, ਖ਼ਾਸਕਰ ਸੋਸ਼ਲ ਮੀਡੀਆ ਉਤੇ, ਨਾ ਉਜਾਗਰ ਕੀਤਾ ਜਾਵੇ। ਖਹਿਰਾ ਵਲੋਂ ਵੀ ਅੱਗਿਉਂ ਅਜਿਹਾ ਕਰਨ ਤੋਂ ਗੁਰੇਜ਼ ਕਰਨ ਦਾ ਭਰੋਸਾ ਦਿਤਾ ਗਿਆ ਦਸਿਆ ਜਾ ਰਿਹਾ ਹੈ। ਇਸੇ ਦੌਰਾਨ ਲੋਕ ਸਭਾ ਆਮ  ਚੋਣਾਂ 2019 ਦੇ ਮੱਦੇਨਜ਼ਰ ਦੇਸ਼ ਅੰਦਰ ਬਣ ਰਹੇ ਸੰਭਾਵੀ ਮਹਾਂਗਠਜੋੜ ਦੇ ਮੁੱਦੇ ਉਤੇ ਵਿਧਾਇਕਾਂ ਨੇ ਇਕਮਤ ਹੁੰਦਿਆਂ ਸਥਿਤੀ ਰਤਾ ਹੋਰ ਸਪੱਸ਼ਟ ਹੋ ਲੈਣ ਦੀ ਉਡੀਕ ਕਰਨ ਉਤੇ ਜ਼ੋਰ ਦਿਤਾ।