ਮੈਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ 'ਤੇ ਬਰਦਾਸ਼ਤ ਨਹੀਂ ਕਰ ਰਹੇ ਅੰਦਰੂਨੀ ਵਿਰੋਧੀ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਚੱਲ ਰਹੀ ਖਾਨਾਜੰਗੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ..................

Sukhpal Singh Khaira

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਚੱਲ ਰਹੀ ਖਾਨਾਜੰਗੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਪਾਰਟੀ ਵਲੋਂ ਵਿਧਾਨ ਸਭਾ 'ਚ ਨੇਤਾ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਅਪਣੀ ਹੀ ਪਾਰਟੀ ਦੇ ਪੰਜਾਬ 'ਚ ਸਹਿ ਇੰਚਾਰਜ ਡਾਕਟਰ ਬਲਬੀਰ ਸਿੰਘ ਵਿਰੁਧ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਫ਼ਰੰਟ ਖੋਲ੍ਹ ਦਿਤਾ ਹੈ। ਖਹਿਰਾ ਨੇ ਅਪਣੀ ਇਸ ਫ਼ੇਸਬੁਕ ਪੋਸਟ ਦਾ ਸਿਰਲੇਖ ਵੀ ਪਾਇਆ ਕਿ, ' ਦੋਸਤੋ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਾਂਗਰਸ ਨਾਲ ਲੜਾ ਜਾਂ ਅਕਾਲੀਆਂ ਨਾਲ ਲੜਾ ਜਾਂ ਨਿੱਤ ਦਿਨ ਪਾਰਟੀ ਦੇ ਅੰਦਰ ਮੇਰੇ ਵਿਰੁਧ ਹੋ ਰਹੀਆਂ ਕੋਝੀਆਂ ਸਾਜ਼ਸ਼ਾਂ ਦਾ ਮੁਕਾਬਲਾ ਕਰਾ?'

ਖਹਿਰਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਉਤੇ ਪਾਰਟੀ ਵਰਕਰਾਂ ਤੋਂ ਪੈਸੇ ਲਏ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਖਹਿਰਾ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਸ਼ਿਕਾਇਤ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਭਾਵੇਂ ਨਸ਼ਿਆਂ ਵਾਲੇ ਕੇਸ 'ਚ ਸੰਮਨ ਹੋਣ ਜਾਂ ਫਿਰ ਰੈਫਰੈਂਡਮ 2020 ਉਤੇ ਬਰਗਾੜੀ ਮੋਰਚੇ 'ਚ ਬੋਲਣ ਦਾ ਮਾਮਲਾ ਹੋਵੇ। ਅਕਸਰ ਵੇਖਿਆ ਗਿਆ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਜਿਹੀਆਂ ਵਿਰੋਧੀ ਪਾਰਟੀਆਂ ਨਾਲੋਂ ਪਹਿਲਾਂ ਆਪਣੀ ਹੀ ਪਾਰਟੀ ਦੇ ਅੰਦਰੋਂ ਵਿਰੋਧ ਕੀਤਾ।

 ਇੰਨਾ ਹੀ ਨਹੀਂ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਹੁਣ ਡਾ. ਬਲਬੀਰ ਸਿੰਘ ਨਾਲ ਹੋਰ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਸਾਹਮਣੇ ਲਾਈਵ ਹੋ ਕੇ ਆਪਣਾ ਪੱਖ ਦੱਸ ਰਹੇ ਹਨ। ਹਾਲਾਂਕਿ, ਖਹਿਰਾ ਦੇ ਬਿਆਨਾਂ 'ਤੇ ਡਾ. ਬਲਬੀਰ ਸਿੰਘ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।  ਖਹਿਰਾ ਨੇ ਕਿਹਾ ਕਿ ਉਹ ਅਜੇ ਤੋਂ ਬਾਅਦ ਸਹਿ ਪ੍ਰਧਾਨ ਬਲਬੀਰ ਸਿੰਘ ਦਾ ਨਾਲ ਬਾਈਕਾਟ ਕਰਨਗੇ, ਬਸ਼ਰਤੇ ਕਿ ਉਹ ਉਨ੍ਹਾਂ (ਖਹਿਰਾ) ਉਤੇ ਲਾਏ ਦੋਸ਼ਾਂ 'ਤੇ ਮਾਫ਼ੀ ਮੰਗਣ ਜਾਂ ਸਾਬਤ ਕਰਨ। ਖਹਿਰਾ ਨੇ ਕਿਹਾ ਕਿ ਅੰਦਰਲੇ ਬੰਦੇ ਹੀ ਉਸ ਵਿਰੁਧ ਮੀਡੀਆ 'ਚ ਖ਼ਬਰਾਂ ਪਲਾਂਟ ਕਰਵਾ ਰਹੇ ਹਨ। ਖਹਿਰਾ ਦੇ ਇਸ ਲਾਈਵ ਵੀਡੀਉ ਸੁਨੇਹੇ ਉਤੇ ਉਹਨਾਂ ਨੂੰ ਲੋਕਾਂ ਵਲੋਂ ਵੀ ਕਾਫੀ ਹੁੰਗਾਰਾ ਭਰਿਆ ਜਾ ਰਿਹਾ ਹੈ।