ਵਿਧਾਨ ਸਭਾ ਸੀਟਾਂ ਨੂੰ ਲੈ ਕੇ ਆਪ 'ਚ ਰਫੜ ਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਅੰਦਰ 'ਆਪ' ਵਿਧਾਇਕਾਂ ਦੀਆਂ 20 ਸੀਟਾਂ ਨੂੰ ਲੈ ਕੇ, ਸਦਨ 'ਚ ਅਤੇ ਸਦਨ ਤੋਂ ਬਾਹਰ ਵੀ ਆਪਸੀ ਰੇੜਕਾ ਜਾਰੀ ਰਿਹਾ.............

Sukhpal Singh Khaira, Kanwar Sandhu with H S Phoolka and Others

ਚੰਡੀਗੜ੍ਹ: ਵਿਧਾਨ ਸਭਾ ਅੰਦਰ 'ਆਪ' ਵਿਧਾਇਕਾਂ ਦੀਆਂ 20 ਸੀਟਾਂ ਨੂੰ ਲੈ ਕੇ, ਸਦਨ 'ਚ ਅਤੇ ਸਦਨ ਤੋਂ ਬਾਹਰ ਵੀ ਆਪਸੀ ਰੇੜਕਾ ਜਾਰੀ ਰਿਹਾ। 'ਆਪ' ਦੇ ਖਹਿਰਾ-ਸੰਧੂ ਗਰੁੱਪ ਦੇ 8 ਵਿਧਾਇਕ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲੇ ਅਤੇ ਮੰਗ ਕੀਤੀ ਕਿ ਸੁਖਪਾਲ ਖਹਿਰਾ ਵਾਸਤੇ ਬਤੌਰ ਵਿਰੋਧੀ ਧਿਰ ਦੇ ਨੇਤਾ ਹਟਾਏ ਜਾਣ ਮਗਰੋਂ ਵੀ, ਉਸ ਨੂੰ ਫ਼ਰੰਟ ਕਤਾਰ 'ਚ ਰਖਿਆ ਜਾਵੇ ਅਤੇ ਉਨ੍ਹਾਂ ਨਾਲ ਕੰਵਰ ਸੰਧੂ ਨੂੰ ਵੀ ਬਿਠਾਇਆ ਜਾਵੇ। ਸਪੀਕਰ ਨੇ ਸਪੱਸ਼ਟ ਕੀਤਾ ਕਿ 'ਆਪ' ਦੇ ਨੇਤਾ ਹਰਪਾਲ ਚੀਮਾ ਹੀ ਸੀਟਾਂ ਸਬੰਧੀ ਤੈਅ ਕਰਨਗੇ ਅਤੇ ਸਪੀਕਰ ਦੀ ਪ੍ਰਵਾਨਗੀ ਉਪਰੰਤ ਹੀ ਉਨ੍ਹਾਂ ਨੂੰ ਮਾਰਕ ਕੀਤੀਆਂ ਸੀਟਾਂ 'ਤੇ ਬੈਠਣਾ ਪਵੇਗਾ। 

ਅੱਜ ਪਹਿਲੇ ਦਿਨ ਦੀ ਬੈਠਕ ਜੁੜਨ ਵੇਲੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸ. ਹਰਵਿੰਦਰ ਸਿੰਘ ਫੂਲਕਾ ਨੇ ਬਿਲਕੁਲ ਅਖੀਰਲੇ ਬੈਂਚ 'ਤੇ ਬੈਠੇ ਦੋਵੇਂ ਖਹਿਰਾ-ਸੰਧੂ ਜੋੜੀ ਨੂੰ, ਪਿਛਿਉਂ ਉਠਾ ਕੇ ਮੂਹਰਲੀ ਕਤਾਰ ਦੇ ਬੈਂਚ 'ਤੇ ਬਿਠਾ ਦਿਤਾ, ਪਰ ਹਰਪਾਲ ਚੀਮਾ ਨੇ ਸਵੇਰੇ-ਸਵੇਰੇ ਹੀ ਲਿਖਤੀ ਰੂਪ 'ਚ ਸਪੀਕਰ ਨੂੰ ਦਿਤਾ ਹੋਇਆ ਸੀ ਕਿ ਕੇਵਲ ਖਹਿਰਾ ਹੀ ਮੁਹਰਲੇ ਬੈਂਚ 'ਤੇ ਬੈਠੇਗਾ, ਸੰਧੂ ਉਸ ਤੋਂ ਪਿਛਲੀ ਕਤਾਰ ਵਿਚ ਬੈਠਣਾ ਹੈ। ਇਸ ਪ੍ਰਬੰਧ 'ਤੇ ਖਹਿਰਾ ਨਰਾਜ ਹੋ ਗਿਆ ਅਤੇ ਖਹਿਰਾ-ਸੰਧੂ ਜੋੜੀ ਪਿਛੇ ਚਲੇ ਗਏ ਅਤੇ ਅੱਜ ਦੀ ਕਾਰਵਾਈ ਦੇ 15 ਮਿੰਟ ਦੌਰਾਨ ਮੁਹਰਲਾ ਬੈਂਚ ਖਾਲੀ ਰਿਹਾ ਤੇ ਇਹ ਦੋਵੇਂ ਹੀ ਪਿਛਲੇ ਬੈਂਚਾਂ 'ਤੇ ਚਲੇ ਗਏ।

ਸਦਨ ਦੀ ਬੈਠਕ ਮਗਰੋਂ, ਸਪੀਕਰ ਨੂੰ ਮਿਲਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ 8 ਮੈਂਬਰੀ ਗਰੁੱਪ, ਜਿਸ ਵਿਚ ਖ਼ਹਿਰਾ, ਸੰਧੂ, ਨਾਜਰ ਮਾਨਸ਼ਾਹੀਆ, ਪਿਰਮਲ, ਜੈ ਕਿਸ਼ਨ ਰੋੜੀ, ਜੱਗਾ ਹਿੱਸੋਵਾਲ, ਜਗਦੇਵ ਕਮਾਲੂ ਤੇ ਮਾਸਟਰ ਬਲਦੇਵ ਸ਼ਾਮਲ ਹਨ, ਨੇ ਦਸਿਆ ਕਿ ਉਹ ਸਾਰੇ ਇਜਲਾਸ ਦੌਰਾਨ ਹੁਣ ਪਿਛਲੇ ਹੀ ਬੈਂਚਾਂ 'ਤੇ ਬੈਠਣਗੇ ਅਤੇ ਪਾਰਟੀ ਦੁਆਰਾ ਉਠਾਏ ਗਏ ਮੁੱਦਿਆਂ 'ਤੇ ਚਰਚਾ 'ਚ ਹਿੱਸਾ ਲੈਣਗੇ। ਦੂਜੇ ਪਾਸ, ਸਪੀਕਰ ਰਾਣਾ ਕੇ.ਪੀ. ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ 'ਆਪ' ਦੇ ਨੇਤਾ ਹਰਪਾਲ ਚੀਮਾ ਦੇ ਲਿਖੇ ਮੁਤਾਬਕ ਜੋ ਸੀਟਾਂ ਅਲਾਟ ਹੋ ਚੁਕੀਆਂ ਹਨ ਅਤੇ ਚੇਅਰ ਦੀ ਪ੍ਰਵਾਨਗੀ ਮਿਲ ਚੁੱਕੀ ਹੈ।

ਜੇ ਉਸ ਅਨੁਸਾਰ ਕੋਈ ਵਿਧਾਇਕ ਆਪਣੀ ਸੀਟ 'ਤੇ ਨਹੀਂ ਬੈਠਦਾ ਤਾਂ ਵਿਧਾਨ ਸਭਾ ਨਿਯਮਾਂ ਹੇਠ, ਉਸ ਨੂੰ ਕਿਸੇ ਵੀ ਬਹਿਸ, ਪ੍ਰਸ਼ਨ ਪੁੱਛਣ ਤੇ ਹੋਰ ਕਾਰਵਾਈ 'ਚ ਬੋਲਣ ਦੀ ਇਜ਼ਾਜਤ ਨਹੀਂ ਦਿਤੀ ਜਾਵੇਗੀ। ਇਸ ਰੇੜਕੇ 'ਤੇ ਸ. ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ, ਉਨ੍ਹਾਂ  ਸਪੀਕਰ ਨੂੰ, ਸੀਟ ਅਲਾਟਮੈਂਟ ਦਾ ਚਾਰਟ ਦੇ ਕੇ ਪ੍ਰਵਾਨਗੀ ਲੈ ਲਈ ਹੈ

ਜਿਸ ਮੁਤਾਬਕ ਖਹਿਰਾ ਨੂੰ ਫ਼ਰੰਟ ਕਤਾਰ 'ਚ ਅਤੇ ਕੰਵਰ ਸੰਧੂ ਨੂੰ ਦੂਜੀ ਕਤਾਰ 'ਚ ਸੀਟ ਦਿਤੀ ਹੈ। ਇਸ ਰੇੜਕੇ 'ਤੇ ਕੰਵਰ ਸੰਧੂ ਨੇ ਸਪੱਸ਼ਟ ਕੀਤਾ ਕਿ ''ਜੇ ਚੀਮਾ ਸਾਨੂੰ ਪਿਛਲੇ ਬੈਂਚਾਂ ਦੇ ਹੀ ਲਾਇਕ ਮੰਨਦਾ ਹੈ ਤਾਂ ਅਸੀਂ ਪਿੱਛੇ ਹੀ ਬੈਠਾਂਗੇ।'' ਖਹਿਰਾ ਨੇ ਕਿਹਾ ਕਿ ਇਸ ਮਾਮੂਲੀ ਜਿਹੇ ਨੁਕਤੇ 'ਤੇ ਹਰਪਾਲ ਚੀਮਾ, ਤਾਨਾਸ਼ਾਹੀ ਤਰੀਕੇ ਨਾਲ ਵਿਵਹਾਰ ਕਰ ਰਿਹਾ ਹੈ।