'ਆਪ' ਵਿਧਾਇਕ ਨੂੰ ਵੇਖਦਿਆਂ ਹੀ ਭੜਕੇ ਨੌਜੁਆਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ 'ਚ ਉਸ ਸਮੇਂ ਅਚਾਨਕ ਹਾਲਾਤ ਤਣਾਅ ਵਾਲੇ ਬਣ ਗਏ ਜਦੋਂ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਮਿਲਣ ਲਈ ਪੁੱਜੇ.............

Bhai Dhian Singh Mand And Kultar Singh Sandhwan

ਕੋਟਕਪੂਰਾ : ਅੱਜ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ 'ਚ ਉਸ ਸਮੇਂ ਅਚਾਨਕ ਹਾਲਾਤ ਤਣਾਅ ਵਾਲੇ ਬਣ ਗਏ ਜਦੋਂ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਮਿਲਣ ਲਈ ਪੁੱਜੇ 'ਆਪ' ਵਿਧਾਇਕ ਤੇ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਦਾ ਕੁੱਝ ਗੁੱਸੇ ਅਤੇ ਰੋਹ 'ਚ ਆਏ ਨੌਜਵਾਨਾਂ ਨੇ ਵਿਰੋਧ ਕਰ ਦਿਤਾ ਪਰ ਭਾਈ ਧਿਆਨ ਸਿੰਘ ਮੰਡ ਦੇ ਦਖ਼ਲ ਅਤੇ ਨੌਜਵਾਨਾਂ ਨੂੰ ਸ਼ਾਂਤ ਕਰਨ ਨਾਲ ਮਾਮਲਾ ਸ਼ਾਂਤ ਹੋ ਗਿਆ।

ਹੋਇਆ ਇਸ ਤਰ੍ਹਾਂ ਕਿ ਪਿਛਲੇ ਦਿਨੀਂ ਸੌਦਾ ਸਾਧ ਦੇ ਡੇਰੇ ਤੋਂ ਛਪਦੇ ਇਕ ਅਖ਼ਬਾਰ ਨੇ ਅਪਣੇ ਪਹਿਲੇ ਪੰਨੇ 'ਤੇ ਕੁਲਤਾਰ ਸਿੰਘ ਸੰਧਵਾਂ ਦੀ ਖ਼ਬਰ ਲਾ ਕੇ ਸਨਸਨੀ ਪੈਦਾ ਕਰ ਦਿਤੀ ਕਿ ਕੁਲਤਾਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਬੇਅਦਬੀ ਕਾਂਡ 'ਚ ਸੌਦਾ ਸਾਧ ਦਾ ਹੱਥ ਨਹੀਂ। ਭਾਈ ਧਿਆਨ ਸਿੰਘ ਮੰਡ ਅਤੇ ਹੋਰ ਆਗੂਆਂ ਨੂੰ ਮਿਲਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਨੇ ਸਮੂਹ ਸੰਗਤਾਂ ਦੇ ਸਨਮੁੱਖ ਹੁੰਦਿਆਂ ਸਪਸ਼ਟ ਕੀਤਾ ਕਿ ਪਿਛਲੇ ਦਿਨੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਸਬੰਧੀ ਹੋਈ ਪ੍ਰੈਸ ਕਾਨਫ਼ਰੰਸ ਵਿਚਲੀ ਗੱਲਬਾਤ ਨੂੰ ਅਖ਼ਬਾਰ ਨੇ ਤਰੋੜ ਮਰੋੜ ਕੇ ਲਾਇਆ

ਅਤੇ ਇਕ ਵੀਡੀਉ ਕੱਟ ਕੇ ਪੇਸ਼ ਕੀਤੀ ਗਈ ਹੈ, ਜੋ ਕਿ ਮੇਰੇ ਦੁਆਰਾ ਕੀਤੀ ਗੱਲਬਾਤ ਅਨੁਸਾਰ ਨਹੀਂ ਹੈ। ਉਸ ਕਾਨਫ਼ਰੰਸ 'ਚ ਮੇਰੇ ਦੁਆਰਾ ਪਹਿਲਾ ਨੁਕਤਾ ਜੋ ਉਠਾਇਆ ਗਿਆ, ਉਹ ਰਾਜਨੀਤਕਾਂ ਦੀ ਭੂਮਿਕਾ 'ਤੇ ਸੀ ਕਿ ਇਸ ਸਾਰੇ ਘਟਨਾਕ੍ਰਮ ਦੇ ਅਸਲੀ ਸੂਤਰਧਾਰ ਉਸ ਸਮੇਂ ਦੇ ਰਾਜਨੀਤਕ ਆਗੂ ਅਰਥਾਤ ਸੱਤਾਧਾਰੀ ਸਨ, ਜਿਨ੍ਹਾਂ ਦੀ ਨਲਾਇਕੀ ਜਾਂ ਅਣਗਹਿਲੀ ਹੀ ਨਹੀਂ ਬਲਕਿ ਮਿਲੀਭੁਗਤ ਕਰ ਕੇ ਸਾਰਾ ਘਟਨਾਕ੍ਰਮ ਹੋਇਆ। ਉਨ੍ਹਾਂ ਦਾ ਇਕ ਮੋਹਰਾ ਸਿਰਸਾ ਡੇਰਾ ਹੈ, ਡੇਰੇ ਦੇ ਪ੍ਰਬੰਧਕਾਂ ਅਤੇ ਅਨੁਆਈਆਂ ਅਰਥਾਤ ਪ੍ਰੇਮੀਆਂ ਦਾ ਨਾਮ ਜਾਂਚ 'ਚ ਆ ਚੁਕਾ ਹੈ।

ਸ. ਸੰਧਵਾਂ ਨੇ ਅਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੌਦਾ ਸਾਧ ਪਹਿਲਾਂ ਹੀ ਸਜ਼ਾ ਅਧੀਨ ਹੈ ਅਤੇ ਜੇਕਰ ਜਾਂਚ ਦੌਰਾਨ ਉਸ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਨ੍ਹਾਂ ਮੋਹਰਿਆਂ ਦੇ ਨਾਲ-ਨਾਲ ਅਸਲ ਸੂਤਰਧਾਰ, ਉਹ ਗੰਦੀ ਰਾਜਨੀਤੀ ਖੇਡਣ ਵਾਲੇ ਵੀ ਸਜ਼ਾ ਦੇ ਬਰਾਬਰ ਹੱਕਦਾਰ ਹਨ,

ਜਿਨ੍ਹਾਂ 'ਚ ਉਸ ਸਮੇਂ ਦਾ ਵਿਧਾਇਕ ਮਨਤਾਰ ਸਿੰਘ ਬਰਾੜ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦਾ ਪੁਲਿਸ ਮੁਖੀ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਹਨ। ਸ. ਸੰਧਵਾਂ ਨੇ ਹੱਥ ਜੋੜ ਕੇ ਬੇਨਤੀ ਕਰਦਿਆਂ ਆਖਿਆ ਕਿ ਮੇਰੀ ਪੂਰੀ ਵੀਡੀਉ ਸੁਣੋ ਅਤੇ ਸਮਝੋ ਜਿਸ ਰਾਹੀਂ ਮੰਗ ਕੀਤੀ ਗਈ ਹੈ ਕਿ ਇਸ ਕਾਂਡ ਦੇ ਸਾਰੇ ਦੋਸ਼ੀਆਂ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।