ਮਹਿਲਾ ਭੱਠਾ ਮਜ਼ਦੂਰ ਦੀ ਕੁੱਟਮਾਰ ਸ਼ਰਮਨਾਕ ਘਟਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਠਿੰਡਾ ਦੇ ਪਿੰਡ ਸੁੱਖਾਨੰਦ ਵਿਚ ਪੁਲਿਸ ਅਧਿਕਾਰੀਆਂ ਵਲੋਂ ਧਰਨਾ ਦੇ ਰਹੇ ਭੱਠਾ ਮਜ਼ਦੂਰਾਂ ਦੀ ਕੁੱਟਮਾਰ ਕਰਨ.........

Sadhu Singh Dharamsot

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਠਿੰਡਾ ਦੇ ਪਿੰਡ ਸੁੱਖਾਨੰਦ ਵਿਚ ਪੁਲਿਸ ਅਧਿਕਾਰੀਆਂ ਵਲੋਂ ਧਰਨਾ ਦੇ ਰਹੇ ਭੱਠਾ ਮਜ਼ਦੂਰਾਂ ਦੀ ਕੁੱਟਮਾਰ ਕਰਨ ਅਤੇ ਖ਼ਾਸ ਤੌਰ 'ਤੇ ਇਕ ਮਹਿਲਾ ਮਜ਼ਦੂਰ ਨੂੰ ਬੇਰਹਿਮੀ ਨਾਲ ਕੁੱਟੇ ਜਾਣ ਦੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਆਗਿਆ ਨਹੀਂ ਦਿਤੀ ਜਾਵੇਗੀ ਅਤੇ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਘਟਨਾ ਵਿਚ ਜ਼ਿੰਮੇਵਾਰ ਪਾਇਆ ਗਿਆ, ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। 

ਸੂਬੇ ਦੇ ਕੈਬਨਿਟ ਮੰਤਰੀ ਧਰਮਸੋਤ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਅਪਣਾ ਪ੍ਰਤੀਕਰਮ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸੰਵਿਧਾਨ ਮੁਤਾਬਕ ਅਪਣਾ ਹੱਕ ਮੰਗਣ ਦਾ ਹੱਕ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਕਾਨੂੰਨ ਦੇ ਰਾਖੇ ਹੀ ਕਾਨੂੰਨ ਤੋੜਨ ਲੱਗ ਜਾਣ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਵਿਚ ਇਕ ਪੁਲਿਸ ਅਧਿਕਾਰੀ ਵਲੋਂ ਜਿਸ ਤਰੀਕੇ ਨਾਲ ਭੱਠਾ ਮਹਿਲਾ ਮਜ਼ਦੂਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਉਹ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਬੰਧਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਹਰ ਹਾਲਤ ਵਿਚ ਕਾਰਵਾਈ ਕੀਤੀ ਜਾਵੇਗੀ।

ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਅੱਜ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪੇਸ਼ ਹੁੰਦੇ ਹੀ ਅਸਲੀ ਸੱਚ ਸਾਹਮਣੇ ਆ ਜਾਵੇਗਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਗੋਲੀ ਦੇ ਹੁਕਮ ਦੇਣ ਵਾਲਿਆਂ ਦੇ ਚਿਹਰੇ ਤੋਂ ਪਰਦਾ ਉਠ ਜਾਵੇਗਾ। ਉਹ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਉਸ ਬਿਆਨ ਉਤੇ ਅਪਣਾ ਪ੍ਰਤੀਕਰਮ ਦੇ ਰਹੇ ਸਨ

ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਕੈਪਟਨ ਸਰਕਾਰ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਵਿਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਕਿੱਡਾ ਵੀ ਵੱਡਾ ਸਿਆਸੀ ਆਗੂ ਜਾਂ ਅਫ਼ਸਰ ਕਿਉਂ ਨਾ ਹੋਵੇ?