'ਆਪ' ਅਤੇ ਲੋਕ ਇਨਸਾਫ਼ ਪਾਰਟੀ ਦੇ ਤੋੜ-ਵਿਛੋੜੇ 'ਤੇ ਪੱਕੀ ਮੋਹਰ ਲਾਈ
ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਵਾਪਰ ਰਹੇ ਤਾਜ਼ਾ ਘਟਨਾਕ੍ਰਮ ਨੇ ਪਾਰਟੀ ਅਤੇ ਇਸ ਦੇ ਸਿਧਾਂਤਾਂ ਬਾਰੇ ਪਿਛਲੇ ਸਾਲ ਵੋਟਾਂ ਤਕ ਬਣੀ ਰਹੀ ਤਸਵੀਰ ਨਵਿਆ ਦਿਤੀ ਹੈ.........
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਵਾਪਰ ਰਹੇ ਤਾਜ਼ਾ ਘਟਨਾਕ੍ਰਮ ਨੇ ਪਾਰਟੀ ਅਤੇ ਇਸ ਦੇ ਸਿਧਾਂਤਾਂ ਬਾਰੇ ਪਿਛਲੇ ਸਾਲ ਵੋਟਾਂ ਤਕ ਬਣੀ ਰਹੀ ਤਸਵੀਰ ਨਵਿਆ ਦਿਤੀ ਹੈ। ਪਾਰਟੀ ਤੋਂ ਹੁਣ ਸੰਕੇਤ ਮਿਲਣ ਲੱਗੇ ਹਨ ਕਿ ਇਹ ਸੂਬਾ ਪਧਰੀ ਜਾਂ ਹੇਠਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ, ਦੇਸ਼ 'ਚ ਤਿੰਨ ਦਹਾਕਿਆਂ ਤੋਂ ਪ੍ਰਚਲਿਤ ਮਹਾਂਗਠਜੋੜ ਸਿਆਸਤ ਦੀ ਹਮਾਇਤੀ ਹੈ। ਪੰਜਾਬ ਵਿਚ ਪਾਰਟੀ ਨੇ ਨਾ ਸਿਰਫ਼ ਅਪਣਾ ਨੇਤਾ ਵਿਧਾਇਕ ਦਲ ਬਦਲਿਆ ਹੈ ਸਗੋਂ ਮਹੀਨੇ ਪਹਿਲਾਂ ਤਕ ਪਾਰਟੀ ਲਈ ਜੁਝਾਰੂ ਸਹਿਯੋਗੀ ਪਾਰਟੀ ਦੀ ਤਰ੍ਹਾਂ ਖੜੀ ਪ੍ਰਤੀਤ ਆ ਰਹੀ
ਲੋਕ ਇਨਸਾਫ਼ ਪਾਰਟੀ ਨਾਲ ਵੀ ਤੋੜ-ਵਿਛੋੜੇ ਉਤੇ ਪੱਕੀ ਮੋਹਰ ਲਗਾ ਦਿਤੀ ਹੈ। ਦੂਜੇ ਬੰਨੇ ਖਹਿਰਾ ਵਿਰੁਧ ਕਾਰਵਾਈ ਕਾਰਨ ਉਨ੍ਹਾਂ ਨੂੰ ਮਿਲ ਰਹੀ ਲੋਕ ਹਮਦਰਦੀ ਅਤੇ ਬੈਂਸ ਭਰਾਵਾਂ ਦੇ ਨਾਲ-ਨਾਲ ਸਿੱਖ ਹਲਕਿਆਂ ਵਿਚ, ਖ਼ਾਸਕਰ ਪ੍ਰਵਾਸੀ ਪੰਜਾਬੀਆਂ ਦੇ, ਹੁੰਗਾਰੇ ਨੇ ਸੂਬੇ 'ਚ ਇਕ ਵਾਰ ਫਿਰ ਇਕ ਨਵੀਂ ਸਿਆਸੀ ਸਫ਼ਬੰਦੀ ਦੇ ਉਭਾਰ ਦੀ ਸੰਭਾਵਨਾ ਉਜਾਗਰ ਕਰ ਦਿਤੀ ਹੈ। ਤੀਜੇ ਬਦਲ ਨੂੰ ਮਿਲੇ ਲੋਕ ਹੁੰਗਾਰੇ ਸਦਕਾ ਹੀ ਆਮ ਆਦਮੀ ਪਾਰਟੀ ਪਿਛਲੀਆਂ ਆਮ ਚੋਣਾਂ 'ਚ ਪੰਜਾਬ 'ਚੋਂ ਚਾਰ ਸੀਟਾਂ ਜਿੱਤ ਕੇ ਲੋਕ ਸਭਾ 'ਚ ਦਾਖ਼ਲਾ ਹਾਸਲ ਕਰਨ 'ਚ ਕਾਮਯਾਬ ਰਹੀ।
ਇਸੇ ਲੋਕ ਹੁੰਗਾਰੇ ਸਦਕਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤਕ ਵੀ ਰਵਾਇਤੀ ਸਿਆਸੀ ਪਾਰਟੀਆਂ ਲਈ ਵੱਡਾ ਖ਼ਤਰਾ ਸਾਬਤ ਹੁੰਦੀ ਰਹੀ। ਹੁਣ ਵਾਪਰੇ ਖਹਿਰਾ ਹਟਾਉ ਘਟਨਾਕ੍ਰਮ ਮਗਰੋਂ 'ਆਪ' ਹਾਈਕਮਾਨ ਪੱਖੀ ਮੰਨੇ ਜਾਂਦੇ ਪਾਰਟੀ ਦੇ ਖ਼ੇਮੇ ਵਲੋਂ ਲੱਗੇ ਹੱਥ ਵਿਧਾਇਕ ਦਲ ਨੂੰ ਬੈਂਸ ਭਰਾਵਾਂ ਦੇ ਗਲਮੇ 'ਚੋਂ ਵੀ ਬਾਹਰ ਕੱਢਣ ਲਈ ਟਿਲ ਲਾ ਦਿਤਾ ਗਿਆ ਹੈ।
ਸਿੱਖ ਹਲਕਿਆਂ 'ਚ ਖਹਿਰਾ ਦੀ ਪ੍ਰਸ਼ੰਸਾ
ਯੂਨਾਈਟਿਡ ਸਿੱਖ ਮੂਵਮੈਂਟ ਨਾਮੀਂ ਜਥੇਬੰਦੀ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ 'ਚ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹੁਣ ਤਕ ਦੀ ਕਾਰਗੁਜ਼ਾਰੀ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਸ ਨੂੰ ਅਪੀਲ ਕੀਤੀ ਕਿ ਹੁਣ ਉਸ ਨੂੰ ਆਜ਼ਾਦ ਫ਼ਿਜ਼ਾ ਵਿਚ ਖੁੱਲ੍ਹ ਕੇ ਵਿਚਰਨਾ ਚਾਹੀਦਾ ਹੈ। ਯੂਨਾਈਟਿਡ ਸਿੱਖ ਮੂਵਮੈਂਟ ਪੰਜਾਬੀਆਂ ਦੇ ਭਲੇ ਦੀ ਹਰ ਲੜਾਈ ਵਿਚ ਉਸ ਨੂੰ ਪੂਰਾ ਸਹਿਯੋਗ ਦੇਵੇਗੀ।
ਬਾਦਲ ਦਲ ਦੇ ਕਰਿੰਦਿਆਂ ਦੀਆਂ ਸਿੱਖ ਵਿਰੋਧੀ ਟਾਹਰਾਂ ਦੇ ਨਾਲ ਹੁਣ ਇਨ੍ਹਾਂ ਦਾ ਮਾਫ਼ੀ ਮੰਗ ਭਰਾ ਦਿੱਲੀ ਦਾ ਬਾਣੀਆ ਵੀ ਆ ਰਲਿਆ ਹੈ ਜਿਸ ਨੇ ਸੁਖਬੀਰ ਦੇ ਕਹਿਣ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੀ ਬਲੀ ਲੈ ਲਈ ਜੋ ਸੁਖਬੀਰ ਅਤੇ ਉਸ ਦੇ ਚਾਚੇ ਦੀ ਸਰਕਾਰ ਲਈ ਮੁਸੀਬਤ ਬਣਿਆ ਹੋਇਆ ਸੀ।