ਧੁੰਦ ਕਾਰਨ ਬੱਸ ਤੇ ਟਰੈਕਟਰ ‘ਚ ਟੱਕਰ, 19 ਪੁਲਿਸ ਕਰਮਚਾਰੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਬਟਾਲਾ ਵਿਚ ਧੁੰਦ ਦੀ ਵਜ੍ਹਾ ਨਾਲ ਇਕ ਪੁਲਿਸ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ ਪੰਜਾਬ ਪੁਲਿਸ ਦੇ 25 ਜਵਾਨ ਸਵਾਰ...

Accident

ਬਟਾਲਾ (ਸਸਸ) : ਪੰਜਾਬ ਦੇ ਬਟਾਲਾ ਵਿਚ ਧੁੰਦ ਦੀ ਵਜ੍ਹਾ ਨਾਲ ਇਕ ਪੁਲਿਸ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ ਪੰਜਾਬ ਪੁਲਿਸ ਦੇ 25 ਜਵਾਨ ਸਵਾਰ ਸਨ। ਬਟਾਲੇ ਦੇ ਪਿੰਡ ਪੰਜ ਗਰਾਈਆਂ ਦੇ ਕੋਲ ਬੱਸ ਟਰੈਕਟਰ ਟ੍ਰਾਲੀ ਨਾਲ ਟਕਰਾ ਗਈ। ਇਸ ਟੱਕਰ ਵਿਚ 19 ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਿਸ ਬੱਸ ਬਟਾਲੇ ਤੋਂ ਚੰਡੀਗੜ੍ਹ ਜਾ ਰਹੀ ਸੀ। ਟੱਕਰ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਜ਼ਖ਼ਮੀ ਕਰਮਚਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ।

ਬੱਸ ਚਾਲਕ ਰਣਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿਤਾ। ਜਾਣਕਾਰੀ ਦੇ ਮੁਤਾਬਕ ਜ਼ਿਲ੍ਹਾ ਬਟਾਲਾ ਦੇ ਸਾਰੇ 13 ਥਾਣਿਆਂ ਵਿਚ ਦਰਜ ਮਾਮਲਿਆਂ ਦੇ ਜਾਂਚ ਅਧਿਕਾਰੀ ਪੰਜਾਬ-ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਕੇਸਾਂ ਦੀ ਪੈਰਵੀ ਕਰਨ ਚੰਡੀਗੜ੍ਹ ਜਾ ਰਹੇ ਸਨ। ਬੱਸ ਵਿਚ ਏਐਸਆਈ ਅਤੇ ਹਵਲਦਾਰ ਵੀ ਸ਼ਾਮਿਲ ਸਨ।

ਦੱਸਿਆ ਗਿਆ ਹੈ ਕਿ ਸਵੇਰੇ ਲਗਭੱਗ 5 ਵਜੇ ਜਦੋਂ ਪੁਲਿਸ ਦੀ ਬੱਸ ਬਟਾਲਾ ਤੋਂ ਕਰੀਬ 8 ਕਿਲੋਮੀਟਰ ਦੂਰ ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਪਿੰਡ ਪੰਜ ਗਰਾਈਆਂ ਦੇ ਕੋਲ ਪਹੁੰਚੀ ਤਾਂ ਬੱਸ ਚਾਲਕ ਰਣਜੀਤ ਸਿੰਘ ਜ਼ਿਆਦਾ ਧੁੰਦ ਹੋਣ ਦੇ ਕਾਰਨ ਸਾਹਮਣੇ ਤੋਂ ਆ ਰਹੀ ਟਰੈਕਟਰ-ਟ੍ਰਾਲੀ ਨੂੰ ਵੇਖ ਨਹੀਂ ਸਕਿਆ ਅਤੇ ਦੋਵਾਂ ਵਾਹਨਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਦੇ ਸਮੇਂ ਬੱਸ ਵਿਚ 25 ਪੁਲਿਸ ਕਰਮਚਾਰੀ ਸਵਾਰ ਸਨ, ਜਿਨ੍ਹਾਂ ਵਿਚੋਂ 19 ਜਖ਼ਮੀ ਹੋ ਗਏ।

ਬੱਸ ਚਾਲਕ ਰਣਜੀਤ ਸਿੰਘ ਬੁਰੀ ਤਰ੍ਹਾਂ ਬੱਸ ਵਿਚ ਫਸ ਗਿਆ ਅਤੇ ਕਰੀਬ 1 ਘੰਟੇ ਦੀ ਮਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਜਾ ਸਕਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਹਸਪਤਾਲ ਦੇ ਕਰਮਚਾਰੀ ਅਲਰਟ ਕਰ ਦਿਤੇ ਗਏ। ਐਸਐਮਓ ਡਾ. ਸੰਜੀਵ ਭੱਲਾ ਦੀ ਅਗਵਾਈ ਵਿਚ ਡਾਕਟਰਾਂ ਨੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕੀਤਾ। ਮਾਮੂਲੀ ਜ਼ਖ਼ਮੀ ਕਰਮਚਾਰੀਆਂ ਨੂੰ ਮਲ੍ਹਮ ਪੱਟੀ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਅਤੇ ਬਾਕੀਆਂ ਨੂੰ ਦਾਖ਼ਲ ਕੀਤਾ ਗਿਆ।

ਉਥੇ ਹੀ, ਹਾਦਸੇ ਵਿਚ ਬੱਸ ਨੂੰ ਵੀ ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਜ਼ਖ਼ਮੀਆਂ ਵਿਚ ਏਐਸਆਈ ਤੇਜਿੰਦਰ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਹਵਲਦਾਰ ਸੁਰਿੰਦਰ ਸਿੰਘ, ਦਵਿੰਦਰ ਸਿੰਘ, ਏਐਸਆਈ ਵਰਿੰਦਰ ਸਿੰਘ, ਹਵਲਦਾਰ ਜਗਜੀਤ ਸਿੰਘ, ਯੂਨੁਸ ਮਸੀਹ, ਏਐਸਆਈ ਜਗਵਿੰਦਰ ਸਿੰਘ ਸਮੇਤ ਹੋਰ ਸ਼ਾਮਿਲ ਹਨ।

Related Stories