ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਲੋੜ ਨਹੀਂ: ਧਰਮਸੋਤ
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਨੂੰ ਸੂਬੇ ਦੇ ਕੈਬਨਿਟ ਮੰਤਰੀ ...
ਚੰਡੀਗੜ/ਖੰਨਾ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਨੂੰ ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੇਤੁਕਾ ਦੱਸਦਿਆਂ ਮੁੱਢੋਂ ਰੱਦ ਕਰ ਦਿੱਤਾ ਹੈ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਸਰਕਾਰ ਪੂਰੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਨਸ਼ੇ ਨੂੰ ਜੜੋਂ ਪੁੱਟਣ ਵਾਸਤੇ ਸਿਰਤੋੜ ਯਤਨ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਨਸ਼ੇ ਨੂੰ ਲਗਾਮ ਵੀ ਲੱਗੀ ਹੈ, ਇਸ ਲਈ ਇਸ ਮੁੱਦੇ ਨੂੰ ਲੈ ਕੇ ਵਿਸ਼ੇਸ਼ ਸ਼ੈਸ਼ਨ ਬੁਲਾਏ ਜਾਣ ਦੀ ਕੋਈ ਲੋੜ ਨਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਖਹਿਰਾ ਲੋੜ ਤੋਂ ਵਧੇਰੇ ਰੌਲਾ ਪਾ ਰਹੇ ਹਨ ਜਦ ਕਿ ਹਰ ਰੋਜ਼ ਤਸਕਰਾਂ ਵਿਰੁਧ ਪੁਲਿਸ ਵੱਲੋਂ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਨਸ਼ੇ ਦੀਆਂ ਜੜਾਂ ਬੜੀਆਂ ਡੂੰਘੀਆਂ ਬੀਜੀਆਂ ਹੋਈਆਂ ਹਨ ਜਿਸ ਕਰਕੇ ਕੁਝ ਵਕਤ ਜ਼ਰੂਰ ਲੱਗ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀ ਕਿ ਸਰਕਾਰ ਨਸ਼ੇ ਵਿਰੁੱਧ ਕੰਮ ਨਹੀ ਕਰ ਰਹੀ।
ਉਨ੍ਹਾਂ ਭਾਜਪਾ ਆਗੂ ਤਰੁਣ ਚੁੱਘ ਦੇ ਉਸ ਬਿਆਨ ਦਾ ਵੀ ਖੰਡਨ ਕੀਤਾ ਹੈ ਜਿਸ ਵਿੱਚ ਉਨ੍ਹਾਂਂ ਕਿਹਾ ਕਿ ਹੈ ਕਿ ਪੰਜਾਬ ਵਿਚ ਮਾਫੀਆ ਰਾਜ ਹੈ। ਧਰਮਸੋਤ ਨੇ ਕਿਹਾ ਕਿ ਕੁਝ ਇੱਕ ਘਟਨਾਵਾਂ ਨੂੰ ਛੱਡ ਕੇ ਸੂਬੇ ਅੰਦਰ ਲਾਆ ਐਂਡ ਆਰਡਰ ਦੀ ਸਥਿਤੀ ਪੂਰੀ ਤਰਾਂ ਕੰਟਰੋਲ ਚ ਹੈ ਅਤੇ ਵਿਰੋਧੀ ਸਿਰਫ ਵਿਰੋਧ ਲਈ ਵਿਰੋਧ ਨਾ ਕਰਨ ਬਲਕਿ ਨਸ਼ੇ ਦੇ ਮੁਕੰਮਲ ਖਾਤਮੇ ਵਾਸਤੇ ਸਰਕਾਰ ਦਾ ਸਾਥ ਦੇਣ।