ਪਲੇਠੇ ਕੌਮਾਂਤਰੀ ਮੇਲੇ ਨੇ ਯੁਵਕਾਂ ਨੂੰ ਕੀਤਾ ਨਿਰਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਤਕਨੀਕੀ ਸਿਖਿਆ ਵਿਭਾਗ ਵਲੋਂ ਲਾਏ ਪਲੇਠੇ ਕੋਮਾਂਤਰੀ ਰੁਜ਼ਗਾਰ ਮੇਲੇ ਵਿਚ 12 ਹਜ਼ਾਰ ਤੋਂ ਵੱਧ ਉਮੀਦਵਾਰ ਧੂੜ ਫੱਕ ਕੇ ਘਰਾਂ ਨੂੰ ਨਿਰਾਸ਼ ਪਰਤ ਗਏ.............

International Fair

ਚੰਡੀਗੜ੍ਹ : ਪੰਜਾਬ ਤਕਨੀਕੀ ਸਿਖਿਆ ਵਿਭਾਗ ਵਲੋਂ ਲਾਏ ਪਲੇਠੇ ਕੋਮਾਂਤਰੀ ਰੁਜ਼ਗਾਰ ਮੇਲੇ ਵਿਚ 12 ਹਜ਼ਾਰ ਤੋਂ ਵੱਧ ਉਮੀਦਵਾਰ ਧੂੜ ਫੱਕ ਕੇ ਘਰਾਂ ਨੂੰ ਨਿਰਾਸ਼ ਪਰਤ ਗਏ। ਵਿਦੇਸ਼ਾਂ ਵਿਚ ਵਲੈਤੀ ਕੰਪਨੀਆਂ ਰਾਹੀਂ ਰੁਜ਼ਗਾਰ ਲੈਣ ਦਾ ਸੁਪਨਾ ਸਜਾਈ, ਸੱਜ ਧੱਜ ਕੇ ਆਏ ਉਮੀਦਵਾਰਾਂ ਨੂੰ ਦੇਸੀ ਏਜੰਟਾਂ ਦੇ 'ਮੱਥੇ' ਲੱਗਣਾ ਪਿਆ। ਰੁਜ਼ਗਾਰ ਦੀ ਆਸ ਨਾਲ ਆਏ ਉਮੀਦਵਾਰਾਂ ਵਿਚੋਂ 7 ਹਜ਼ਾਰ ਦੇ ਕਰੀਬ ਨੂੰ ਇੰਟਰਵਿਊ ਦੇਣ ਦਾ ਮੌਕਾ ਹੀ ਨਾ ਮਿਲ ਸਕਿਆ। ਮੇਲੇ ਦੇ ਭੀੜ ਭੱੜਕੇ ਵਿਚ ਅੱਧੇ ਉਮੀਦਵਾਰ ਤਾਂ ਰਾਹ ਵਿਚ ਹੀ 'ਗੁਆਚ' ਕੇ ਰਹਿ ਗਏ। ਪੁਲਿਸ ਦੀਆਂ ਝਿੜਕਾਂ ਵਾਧੂ ਖਾਣੀਆਂ ਪਈਆਂ।

ਕੌਮਾਂਤਰੀ ਰੁਜ਼ਗਾਰ ਮੇਲੇ ਵਿਚ ਸ਼ਾਮਲ ਮੁੰਡੇ ਕੁੜੀਆਂ ਅਤੇ ਉਨ੍ਹਾਂ ਦੇ ਨਾਲ ਆਏ ਮਾਪਿਆਂ ਵਿਚ ਤਕਨੀਕੀ ਸਿਖਿਆ ਵਿਭਾਗ ਵਲੋਂ ਗੁਮਰਾਹਕੁਨ ਇਸ਼ਤਿਹਾਰ ਦੇਣ ਲਈ ਵੱਡਾ ਰੋਸ ਅਤੇ ਵਿਰੋਧ ਵੇਖਣ ਨੂੰ ਮਿਲਿਆ। ਮੇਲੇ ਵਿਚ ਸ਼ਾਮਲ 13 ਕੰਪਨੀਆਂ ਵਲੋਂ 26 ਵਰਗਾਂ ਦੀਆਂ 4343 ਅਸਾਮੀਆਂ ਲਈ ਇੰਟਰਵਿਊ ਕੀਤੀ ਗਈ।
ਅੱਜ ਦੇ ਮੇਲੇ ਨਾਲ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਯੁਵਕਾਂ ਨੂੰ ਵਿਦੇਸ਼ਾਂ ਵਿਚ ਡਾਲਰ ਕਮਾਉਣ ਦਾ ਮੌਕਾ ਦੇਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਮੇਲੇ ਵਿਚ ਇਕ ਵੀ ਵਿਦੇਸ਼ੀ ਕੰਪਨੀ ਦਾ ਨੁਮਾਇੰਦਾ ਸ਼ਾਮਲ ਨਹੀਂ ਹੋਇਆ ਸਗੋਂ ਦੇਸੀ ਏਜੰਟ ਹੀ ਇੰਟਰਵਿਊ ਲੈਂਦੇ ਵੇਖੇ ਗਏ।

ਇੰਗਲੈਂਡ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਖਾੜੀ ਦੇਸ਼ਾਂ ਨਾਲ ਸਬੰਧਤ ਸਨ। ਇਸ ਤੋਂ ਪਹਿਲਾਂ ਵੀ ਤਕਨੀਕੀ ਸਿਖਿਆ ਵਿਭਾਗ ਦਾ ਘਰ ਘਰ ਰੁਜ਼ਗਾਰ ਦੇਣ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਲਾਏ ਮੇਲੇ ਵਿਵਾਦਾਂ ਵਿਚ ਘਿਰ ਕੇ ਰਹਿ ਗਏ ਸਨ। ਉਮੀਦਵਾਰਾਂ ਦਾ ਦੋਸ਼ ਹੈ ਕਿ ਕੌਮਾਂਤਰੀ ਮੇਲੇ ਦੇ ਪ੍ਰਚਾਰ ਲਈ ਅਖ਼ਬਾਰਾਂ ਵਿਚ ਦਿਤੇ ਜਾਣ ਵਾਲੇ ਇਸ਼ਤਿਹਾਰਾਂ ਵਿਚ ਨਾ ਤਾਂ ਨੌਕਰੀਆਂ ਦੀ ਗਿਣਤੀ ਦਾ ਵੇਰਵਾ ਦਿਤਾ ਗਿਆ ਹੈ ਅਤੇ ਨਾ ਹੀ ਆਈਲੇਟਸ (ਅੰਗਰੇਜ਼ੀ ਭਾਸ਼ਾ ਦਾ ਇਮਤਿਹਾਨ) ਸਮੇਤ ਤਜਰਬੇ ਦੀਆਂ ਸ਼ਰਤਾਂ ਦੱਸੀਆਂ ਗਈਆਂ ਸਨ

ਜਦੋਂ ਕਿ 5 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਤਜਰਬਾ ਨਾ ਹੋਣ ਕਾਰਨ ਰਜਿਸਟ੍ਰੇਸ਼ਨ ਕਾਊਂਟਰ ਤੋਂ ਵਾਪਸ ਮੋੜ ਦਿਤਾ ਜਾਂਦਾ ਰਿਹਾ।  ਗੌਰਮਿੰਟ ਕਾਲਜ ਫ਼ੇਜ਼ 6 ਮੋਹਾਲੀ ਵਿਚ ਲਾਏ ਮੇਲੇ ਦੌਰਾਨ ਸ਼ਿਰਕਤ ਕਰਨ ਵਾਲੇ ਮੁੰਡਿਆਂ ਕੁੜੀਆਂ ਨੂੰ ਕੰਪਨੀ ਤਕ ਪਹੁੰਚਣ ਲਈ 3 ਘੰਟੇ ਤੋਂ ਵੱਧ ਸਮਾਂ ਲੱਗਾ ਤੇ ਇੰਟਰਵਿਊ ਦਾ ਸਮਾਂ ਸਮਾਪਤ ਹੋਣ ਤਕ ਕਈਆਂ ਨੂੰ ਲਾਈਨ ਵਿਚ ਲੱਗਣ ਦੇ ਬਾਵਜੂਦ ਇੰਟਰਵਿਊ ਦਾ ਮੌਕਾ ਨਾ ਮਿਲ ਸਕਿਆ। ਐਜੂ ਟਰੱਸਟ ਵਲੋਂ ਨਰਸਾਂ ਲਈ ਕਮਰਾ ਨੰਬਰ 20 ਵਿਚ ਚਲ ਰਹੀ ਇੰਟਰਵਿਊ ਲਈ ਤੈਨਾਤ ਤਕਨੀਕੀ ਸਿਖਿਆ ਵਿਭਾਗ ਦੇ ਇਕ ਮੁਲਾਜ਼ਮ ਯੋਗੇਸ਼ ਨੇ ਦਸਿਆ

ਕਿ ਸਰਕਾਰ ਦਾ ਰੋਲ ਸਿਰਫ਼ ਕੰਪਨੀ ਅਤੇ ਉਮੀਦਵਾਰਾਂ ਵਿਚ ਮੇਲ ਕਰਵਾਉਣਾ ਹੈ ਅਤੇ ਕੰਟਰੈਕਟ ਅੱਧ ਵਿਚਾਲੇ ਟੁੱਟਣ ਦੀ ਜ਼ਿੰਮੇਵਾਰੀ ਵਿਭਾਗ ਦੀ ਨਹੀਂ ਹੋਵੇਗੀ। ਗਲੋਬਲ ਸਰਵਿਸ ਵਲੋਂ ਕਰੂਜ਼ਰ (ਪਾਣੀ ਵਾਲਾ ਵੱਡਾ ਜਹਾਜ਼) ਲਈ ਰੱਖੇ ਜਾਣ ਵਾਲੇ ਸਟਾਫ਼ ਨੂੰ ਤਨਖ਼ਾਹ ਦੀ ਪੇਸ਼ਕਸ਼ 40 ਹਜ਼ਾਰ ਮਹੀਨਾ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਦੇ ਨੁਮਾਇੰਦੇ ਪ੍ਰਣਬ ਨੇ ਦਸਿਆ ਕਿ ਅਜੇ ਪਹਿਲੇ ਗੇੜ ਦੀ ਇੰਟਰਵਿਊ ਲਈ ਗਈ ਹੈ, ਅਗਲੇ ਗੇੜ ਲਈ ਬਾਅਦ ਵਿਚ ਸੂਚਨਾ ਦਿਤੀ ਜਾਵੇਗੀ। 

ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਮੇਲੇ ਲਈ ਸਿਰਫ਼ ਉਨ੍ਹਾਂ ਕੰਪਨੀਆਂ ਨੂੰ ਸੱਦਾ ਦਿਤਾ ਗਿਆ ਹੈ ਜਿਨ੍ਹਾਂ ਦਾ ਰੀਕਾਰਡ ਚੰਗਾ ਹੈ। ਵਿਦੇਸ਼ ਗਏ ਨੌਜਵਾਨਾਂ ਦਾ ਕੰਟਰੈਕਟ ਅੱਧ ਵਿਚਾਲੇ ਟੁੱਟਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮਝੌਤਾ ਸਾਰਾ ਕੁੱਝ ਸੋਚ ਸਮਝ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਲਈ ਚੁਣੇ ਉਮੀਦਵਾਰਾਂ ਨੂੰ ਅੰਗਰੇਜ਼ੀ ਦਾ ਟੈਸਟ ਪਾਸ ਕਰਨ ਲਈ ਬਾਅਦ ਵਿਚ ਮੌਕਾ ਦਿਤਾ ਜਾਵੇਗਾ।