ਕੈਪਟਨ ਅਮਰਿੰਦਰ ਸਿੰਘ ਨੇ 'ਲਾਟ ਸਾਹਿਬ' ਤੋਂ ਮੰਗਿਆ ਹੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਟੀ. ਪ੍ਰਸ਼ਾਸਨ ਵਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਅਫ਼ਸਰਾਂ ਦੀ ਪੰਜਾਬ ਤੇ ਹਰਿਆਣਾ ਕੇਡਰ 'ਚ 60:40 ਦਾ ਅਨੁਪਾਤ ਨਾ ਹੋਣ ਸਦਕਾ ਪੰਜਾਬ ਸਰਕਾਰ ਵਲੋਂ............

Amarinder Singh

ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਵਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਅਫ਼ਸਰਾਂ ਦੀ ਪੰਜਾਬ ਤੇ ਹਰਿਆਣਾ ਕੇਡਰ 'ਚ 60:40 ਦਾ ਅਨੁਪਾਤ ਨਾ ਹੋਣ ਸਦਕਾ ਪੰਜਾਬ ਸਰਕਾਰ ਵਲੋਂ ਮੁੜ ਯੂ.ਟੀ. ਪ੍ਰਸ਼ਾਸਨ ਦੇ ਸਲਾਹਕਾਰ ਨੂੰ ਪੱਤਰ ਲਿਖ ਕੇ ਪ੍ਰਸ਼ਾਸਨ 'ਚ ਤਾਇਨਾਤ ਉੱਚ ਅਧਿਕਾਰੀਆਂ ਤੇ ਜੂਨੀਅਰ ਅਫ਼ਸਰਾਂ ਅਤੇ ਐਚ.ਸੀ.ਐਸ. ਬਾਰੇ ਜਾਣਕਾਰੀ ਮੰਗੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਕਈ ਵਾਰ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਸਮੇਂ-ਸਮੇਂ ਸਿਰ ਉਠਾਇਆ ਜਾਂਦਾ ਰਿਹਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਪ੍ਰਸ਼ਾਸਨ ਵਿਚ ਪੰਜਾਬ ਦੇ ਸਿਰਫ਼ ਦੋ ਹੀ ਆਈ.ਏ.ਐਸ. ਅਫ਼ਸਰ ਇਸ ਵੇਲੇ ਤਾਇਨਾਤ ਹਨ, ਜਿਨ੍ਹਾਂ ਵਿਚ ਵਿੱਤ ਸਕੱਤਰ ਯੂ.ਟੀ. ਅਜੋਏ ਸਿਨਹਾ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਸ਼ਾਮਲ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਟੂਰਿਜਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸਿਟਕੋ) ਦੀ ਮੈਨੇਜਿੰਗ ਡਾਇਰੈਕਟਰ ਕਵਿਤਾ ਸਿੰਘ ਆਈ.ਏ.ਐਸ. ਨੂੰ ਅਪਣਾ ਡੈਪੂਟੇਸ਼ਨ ਦਾ ਕਾਰਜਕਾਲ ਪੂਰਾ ਕਰ ਕੇ ਵਾਪਸ ਗਿਆਂ ਡੇਢ ਸਾਲ ਕੇ ਕਰੀਬ ਸਮਾਂ ਹੋ ਗਿਆ ਹੈ।

ਪੰਜਾਬ ਸਰਕਾਰ ਵਲੋਂ ਜਿਹੜਾ ਆਈ.ਏ.ਐਸ. ਅਫ਼ਸਰਾਂ ਦਾ ਪੈਨਲ ਭੇਜਿਆ ਸੀ, ਉਹ ਪ੍ਰਸ਼ਾਸਨ ਨੇ ਪਹਿਲਾਂ ਰੱਦ ਕਰ ਦਿਤਾ ਸੀ। ਇਸ ਅਹੁਦੇ 'ਤੇ ਯੂ.ਟੀ. ਕੇਡਰ ਦੇ ਆਈ.ਏ.ਐਸ. ਅਫ਼ਸਰ ਜਤਿੰਦਰ ਯਾਦਵ ਤਾਇਨਾਤ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਸੂਤਰਾਂ ਦੇ ਹਵਾਲੇ ਨਾਲ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ ਸਰਕਾਰ ਨੇ 2 ਹੋਰ ਆਈ.ਏ.ਐਸ. ਅਫ਼ਸਰਾਂ ਦਾ ਸਿਟਕੋ ਦੇ ਐਮ.ਡੀ. ਲਈ ਪੈਨਲ ਭੇਜਿਆ ਹੈ,

ਜਿਨ੍ਹਾਂ ਵਿਚੋਂ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਨਵੀਂ ਨਿਯੁਕਤੀ ਲਈ ਕਿਸੇ ਦਾ ਨਾਂ ਫ਼ਾਈਨਲ ਨਹੀਂ ਕੀਤਾ। ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਪੰਜਾਬ ਕੇਡਰ ਦੇ ਅਫ਼ਸਰਾਂ ਦੀ ਨਿਯੁਕਤੀ ਲਈ ਕਈ-ਕਈ  ਮਹੀਨੇ ਕੈਬਨਿਟ ਅਪੁਆਇੰਟਮੈਂਟ ਕਮੇਟੀ ਦੀ ਮੀਟਿੰਗ ਹੀ ਨਹੀਂ ਕਰਦਾ, ਜਿਸ ਨਾਲ ਪ੍ਰਸ਼ਾਸਨ ਵਿਚ ਪੰਜਾਬ ਦੇ ਅਫ਼ਸਰਾਂ ਦੀ ਸਮੇਂ ਸਿਰ ਨਿਯੁਕਤੀ ਨਹੀਂ ਹੁੰਦੀ। ਕੇਂਦਰੀ ਮੂਲ ਦੇ ਅਫ਼ਸਰ ਚੌਧਰੀ ਬਣੇ ਰਹਿੰਦੇ ਹਨ।

Related Stories