ਹੁਣ ਬ੍ਰਿਟੇਨ ਵਿਖੇ ਮਹਾਰਾਜਾ ਦਿਲੀਪ ਸਿੰਘ ਦੀ ਯਾਦ 'ਚ ਬਣੇਗਾ ਦੂਜਾ ਅੰਮ੍ਰਿਤਸਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹੁਣ ਤੁਹਾਨੂੰ ਭਵਿੱਖ ਵਿਦੇਸ਼ਾਂ ਵਿਚ ਵੀ ਅੰਮ੍ਰਿਤਸਰ ਵਰਗਾ ਸ਼ਹਿਰ ਨਜ਼ਰ ਆਵੇਗਾ ਕਿਉਂਕਿ ਬ੍ਰਿਟੇਨ ਦੇ ਈਸਟ ਇੰਗਲੀਆ ਇਲਾਕੇ 'ਚ ਇਕ ਛੋਟੇ ਜਿਹੇ ਸ਼ਹਿਰ ਥੇਟਫੋਰਡ ਨੂੰ  

tower


ਲੰਡਨ : ਹੁਣ ਤੁਹਾਨੂੰ ਭਵਿੱਖ ਵਿਦੇਸ਼ਾਂ ਵਿਚ ਵੀ ਅੰਮ੍ਰਿਤਸਰ ਵਰਗਾ ਸ਼ਹਿਰ ਨਜ਼ਰ ਆਵੇਗਾ ਕਿਉਂਕਿ ਬ੍ਰਿਟੇਨ ਦੇ ਈਸਟ ਇੰਗਲੀਆ ਇਲਾਕੇ 'ਚ ਇਕ ਛੋਟੇ ਜਿਹੇ ਸ਼ਹਿਰ ਥੇਟਫੋਰਡ ਨੂੰ  ਅੰਮ੍ਰਿਤਸਰ ਦਾ ਜੁੜਵਾਂ ਸ਼ਹਿਰ ਬਣਾਇਆ ਜਾਵੇਗਾ।  ਨਾਰਫਲਾਕ ਕਾਊਂਟੀ ਵਿਚ ਪੈਂਦੇ ਇਸ ਸ਼ਹਿਰ ਨੂੰ ਇਹ ਦਰਜਾ ਮਹਾਰਾਜਾ ਦਿਲੀਪ ਸਿੰਘ ਦੀ ਯਾਦ ਵਿਚ ਦਿਤਾ ਜਾਵੇਗਾ। ਤੁਹਾਨੂੰ ਦਸ ਦਈਏ ਕਿ ਥੇਟਫੋਰਡ ਸ਼ਹਿਰ ਮਹਾਰਾਜਾ ਦਿਲੀਪ ਸਿੰਘ ਦਾ ਰਿਹਾਇਸ਼ੀ ਸਥਾਨ ਸੀ, ਜਿੱਥੇ ਉਨ੍ਹਾਂ ਨੇ ਅਪਣੇ ਜੀਵਨ ਦਾ ਲੰਬਾ ਸਮਾਂ ਬਤੀਤ ਕੀਤਾ। 

ਉਨ੍ਹਾਂ ਦੀ 125ਵੀਂ ਬਰਸੀ ਮੌਕੇ ਇਸੇ ਮਹੀਨੇ 2 ਹਫ਼ਤੇ ਤਕ ਚੱਲਣ ਵਾਲੇ ਪੰਜਾਬੀ ਤਿਉਹਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਤਿਉਹਾਰ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਉਪਜਾਊ ਖੇਤੀ, ਖੇਤੀਬਾੜੀ ਸਰਗਰਮੀਆਂ ਤੇ ਪਸ਼ੂਆਂ ਦੇ ਚਰਾਂਦਾਂ ਦੇ ਚੱਲਦੇ ਉਂਝ ਵੀ ਪੰਜਾਬ ਨਾਲ ਇਸ ਸ਼ਹਿਰ ਦੀ ਦਿੱਖ ਅਤੇ ਵਾਤਾਵਰਣ ਕਾਫ਼ੀ ਜ਼ਿਆਦਾ ਮਿਲਦਾ ਜੁਲਦਾ ਹੈ। ਇਤਿਹਾਸਕਾਰ ਤੇ ਲੇਖਿਕਾ ਸੀਮਾ ਆਨੰਦ ਦਾ ਕਹਿਣਾ ਹੈ ਕਿ ਥੇਟਫੋਰਡ ਸ਼ਹਿਰ ਦਾ ਐਵਨਫੀਲਡ ਮੈਨਰ ਕਈ ਸਾਲਾਂ ਤਕ ਪੰਜਾਬ ਦੇ ਆਖਰੀ ਮਹਾਰਾਜਾ ਦਾ ਰਿਹਾਇਸ਼ ਸਥਾਨ ਰਿਹਾ ਹੈ। ਇਥੋਂ ਦੇ ਲੋਕ ਹਾਲੇ ਵੀ ਉਨ੍ਹਾਂ ਨੂੰ ਮਾਣ ਨਾਲ ਯਾਦ ਕਰਦੇ ਹਨ।ਲੇਖਿਕਾ ਦਾ ਕਹਿਣਾ ਹੈ ਕਿ ਸ਼ਾਇਦ ਦਿਲੀਪ ਸਿੰਘ ਦਾ ਥੇਟਫੋਰਡ ਆ ਕੇ ਰਹਿਣਾ ਸਿਰਫ਼ ਇਕ ਇਤਫਾਕ ਨਹੀਂ ਸੀ। 

ਜਿਵੇਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਲੱਗੀ ਹੋਈ ਹੈ, ਬਿਲਕੁਲ ਉਸੇ ਤਰ੍ਹਾਂ ਦੀ ਮੂਰਤੀ ਇਸ ਸ਼ਹਿਰ ਦੇ ਮੱਧ ਵਿਚ ਮਹਾਰਾਜਾ ਦਿਲੀਪ ਸਿੰਘ ਦੀ ਲੱਗੀ ਹੋਈ ਹੈ।  ਇਤਿਹਾਸਕਾਰ ਤੇ ਦਿਲੀਪ ਸਿੰਘ 'ਤੇ ਇਕ ਕਿਤਾਬ ਲਿਖਣ ਵਾਲੇ ਪੀਟਰ ਬੈਂਸ ਦਾ ਕਹਿਣਾ ਹੈ ਕਿ ਥੇਟਫੋਰਡ ਨਾਲ ਮਹਾਰਾਜਾ ਦਿਲੀਪ ਸਿੰਘ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। 

ਇਥੇ ਉਨ੍ਹਾਂ ਦੇ ਬੱਚੇ ਦਾ ਜਨਮ ਹੋਇਆ ਤੇ ਇਥੇ ਹੀ ਉਹ ਅਸਾਧਾਰਣ ਸ਼ੂਟਿੰਗ ਪਾਰਟੀਆਂ ਕਰਦੇ ਸਨ।ਪੰਜਾਬੀ ਤਿਉਹਾਰ ਦੀ ਨਿਦੇਸ਼ਕ ਇੰਡੀ ਸੰਧੂ ਦਾ ਕਹਿਣਾ ਹੈ ਕਿ ਮਹਾਰਾਜਾ ਦਿਲੀਪ ਸਿੰਘ ਦੀ ਸੱਭਿਆਚਾਰਕ ਵਿਰਾਸਤ ਦੀ ਜਿੰਨੀ ਅਹਿਮੀਅਤ ਪੰਜਾਬ ਲਈ ਹੈ, ਉਨੀ ਹੀ ਥੇਟਫੋਰਡ ਲਈ ਵੀ ਹੈ। ਇਹ ਤਿਉਹਾਰ ਲੋਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਇਤਿਹਾਸ ਬਾਰੇ ਜਾਨਣ ਦਾ ਮੌਕਾ ਮੁਹੱਈਆ ਕਰਵਾਏਗਾ। ਅਜਿਹਾ ਹੁੰਦਾ ਹੈ ਤਾਂ ਯਕੀਨਨ ਤੌਰ 'ਤੇ ਭਾਰਤ ਵਾਸੀਆਂ ਖ਼ਾਸ ਕਰਕੇ ਪੰਜਾਬ ਵਾਸੀਆਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੋਵੇਗੀ।